ਤੂੰ ਮੈਨੂੰ ਮੇਰੇ ਤੋਂ ਚੁਰਾ ਕੇ ਲੈ ਚਲ
ਦੂਰ ਕਿਤੇ
ਕਿ ਮੈਨੂੰ ਕੁਝ ਚੰਗਾ ਨਹੀਂ ਲਗਦਾ
ਨਾ ਘਰ
ਨਾ ਬਾਹਰ
ਮੈਂ ਉਕਤਾ ਗਿਆ ਹਾਂ
ਇਸ ਉਪਰਾਮ ਹਵਾ 'ਚ ਸਾਹ ਲੈਂਦਿਆਂ
ਸਹਿਮ ਦੀ ਧੁੱਪ ਵਿਚ ਸੜਦਿਆਂ
ਪਲ ਪਲ ਦੀ ਮੌਤ ਮਰਦਿਆਂ
ਇਕੱਲਤਾ ਦਾ ਜੁਗਾਂ ਜਿੱਡਾ ਸੰਤਾਪ ਜਰਦਿਆਂ
ਮੈਂ ਉਕਤਾ ਗਿਆ ਹਾਂ
ਇਹ ਮਸਨੂਈ ਹਾਸਾ ਹੱਸਦਿਆਂ
ਝੂਠ ਬੋਲਦਿਆਂ
ਝੂਠ ਜਿਓਂਦਿਆਂ
ਰੋਜ਼ ਨਵੇਂ ਮਖੌਟੇ ਸਜਾਉਂਦਿਆਂ
ਚਿਹਰੇ ਦੀ ਲਿਜ਼ਲਿਜੀ ਮੁਸਕਾਨ ਥੱਲੇ
ਮਨ ਦੀ ਕੁੜੱਤਣ ਲੁਕੋਦਿਆਂ
ਅੰਗਿਆਰਾਂ ਭਿੱਜੀ ਹਵਾ ਝੁਲ੍ਸਦਿਆਂ
ਪਰਾਏ ਕਮਰਿਆਂ ਵਿਚ
ਉਮਰਾਂ ਦਾ ਪਾਣੀ ਡੋਹਲਦਿਆਂ
ਕਿਸਮਤ ਦਾ ਇਹ ਜਰਜਰ
ਬੂਹਾ ਖੋਲਦਿਆਂ
ਮੈਂ ਉਕਤਾ ਗਿਆ ਹਾਂ
ਇਥੇ ਮੇਰੇ ਪੈਰਾਂ ਦੁਆਲੇ
ਜੰਜੀਰਾਂ ਨੇ
ਲਛਮਣ ਲਕੀਰਾਂ ਨੇ
ਮੇਰੀ ਦਹਿਲੀਜ਼ ਦੇ ਬਾਹਰ
ਮੇਰੀ ਧੁੱਪ
ਗੈਰਾਂ ਦੇ ਪੰਜਿਆਂ ਵਿਚ ਛਟਪਟਾ ਰਹੀ ਹੈ
ਮੇਰਿਆਂ ਖੰਭਾਂ ਨੂੰ
ਕਿਸੇ ਨੇ ਆਪਣੀ ਸੌਂਹ ਦਿੱਤੀ ਹੈ
ਮੈਨੂੰ ਅਸਮਾਨ ਤੱਕਣ ਦਾ ਹੁਕਮ ਨਹੀਂ
ਪਰਿੰਦਿਆਂ ਦੇ ਸੁਪਨੇ
ਮੇਰੇ ਲਈ ਗੁਨਾਹ ਹਨ
ਰੰਗਾਂ ਦੀ ਗੱਲ ਕਰਨਾ ਮੇਰੇ ਲਈ
ਜੁਰਮ ਹੈ
ਪਰ ਇਹ
ਰੰਗ
ਪਰਿੰਦੇ
ਅਸਮਾਨ
ਧੁੱਪ ਹੀ
ਮੈਨੂੰ ਜਿਓਣ ਲਈ
ਕਰਦੇ ਨੇ ਮਜਬੂਰ ਕਿਤੇ .....
ਤੂੰ ਮੈਨੂੰ
ਮੇਰੇ ਤੋਂ ਚੁਰਾ ਕੇ ਲੈ ਚੱਲ
ਦੂਰ ਕਿਤੇ
ਕਿ ਮੈਨੂੰ ਕੁਝ ਵੀ ਚੰਗਾ ਨਹੀਂ ਲਗਦਾ
ਨਾ ਘਰ
ਨਾ ਬਾਹਰ..
ਅਮਰਜੀਤ ਕੌਂਕੇ