ਐਸੇ ਵੀ ਕੁਝ ਯਾਰ ਰਹੇ ਨੇ
ਦੋ ਧਾਰੀ ਤਲਵਾਰ ਰਹੇ ਨੇ
ਚੁੱਪ ਚਪੀਤੇ ਆ ਖੁਭਦੇ ਸਨ
ਬੁੱਕਲ ਵਿੱਚ ਕਟਾਰ ਰਹੇ ਨੇ
ਨਜ਼ਰ ਮਿਰੇ ਤੇ ਏਦਾਂ ਰੱਖਣ
ਜਿੱਦਾਂ ਝਾਕ ਸ਼ਿਕਾਰ ਰਹੇ ਨੇ
ਲੋੜ ਸਮੇਂ ਨਾ ਨਜ਼ਰੀ ਪੈਂਦੇ
ਪੈਸੇ ਦੀ ਦਰਕਾਰ ਰਹੇ ਨੇ
ਮੇਰੇ ਘਰ ਨੂੰ ਲੁੱਟਣ ਵਾਲੇ
ਮੇਰੇ ਘਰ ਹਥਿਆਰ ਰਹੇ ਨੇ
ਦਿਨ ਮੇਰੇ ਕੀ ਮਾੜੇ ਆਏ
ਮੁੱਢੋਂ ਭੁਲ ਦਿਲਦਾਰ ਰਹੇ ਨੇ
ਜੋ ਕਲ ਕਹਿੰਦੇ ਸਨ ਬਾਊ ਜੀ
ਉਹ ਹੀ ਅਜ ਦੁਤਕਾਰ ਰਹੇ ਨੇ
ਤੂੰਬੇ ਨੂੰ ਉਹ ਤੋੜ ਗਏ ਨੇ
ਜੋ ਤੂੰਬੇ ਦੀ ਤਾਰ ਰਹੇ ਨੇ
'ਜਾਨੀ' ਦੋਸਤ ਦੁਸ਼ਮਣ ਬਣਕੇ
ਵੱਖਰਾ ਅਕਸ ਉਭਾਰ ਰਹੇ ਨੇ
ਰਾਕੇਸ਼ ਤੇਜਪਾਲ 'ਜਾਨੀ'