|
(ਗੱਗ-ਬਾਣੀ) |
ਜੀਅ ਕਰਦਾ ਹੁਣ 'ਕਾਲੀ ਹੋ'ਜਾਂ, ਸਿਰ ਤੇ ਧਰ'ਲਾਂ ਨੀਲੀ ਤਿੰਨ ਦਿਨ ਹੋ ਗਏ ਕੁੱਝ ਨਾ ਰਿੱਧਾ, ਮੂਧੀ ਪਈ ਪਤੀਲੀ।
ਘਰ ਦੀ ਖੇਤੀ,ਕੇਸ ਤੇ ਦਾਹੜ੍ਹੀ, ਕੋਈ ਫਰਕ ਨਹੀਂ ਪੈਂਦਾ ਜੱਥੇਦਾਰ ਸਦਵਾਉਣ ਦੀ ਖਾਤਿਰ, ਕੀ ਕੁੱਝ ਕਰਨਾ ਪੈਂਦਾ।
ਮੁਫਤ ਦਾ ਲੰਗਰ, ਮੁਫਤ ਦੀ ਚੌਧਰ, ਬੱਸ ਮਾਰਨੇ ਜੱਕੜ ਡੱਕੇ ਦੀਆਂ ਉਹ ਦੋ ਨਹੀਂ ਕਰਦਾ, ਐਸ਼ਾਂ ਕਰਦਾ ਮੱਕੜ।
ਲਾਕੇ ਅਪਣੀ ਜੀਭ ਨੂੰ ਜਿੰਦਾ, ਅਕਲ ਭੋਰੇ ਵਿੱਚ ਪਾਕੇ ਬਣ ਜਾਵਾਂਗੇ ਗਿਆਨੀ-ਧਿਆਨੀ, ਮੂਰਖ ਲੋਕ ਬਣਾਕੇ।
ਭਗਤ ਸਿੰਘ ਨੇ ਕੀ ਖੱਟ ਲਿਆ ਤੇ ਕਾਮਰੇਡਾਂ ਕੀ ਖੱਟਣਾ ਐਵੇਂ ਪਿੱਛੇ ਲੱਗ ਕੇ ਪੱਟ ਲਈ ਅਪਣੇ ਘਰ ਦੀ ਜੱਖਣਾ।
ਵੱਡੀ ਕੋਠੀ ਕਾਰ ਹੋਣੀ ਸੀ, ਉਤੇ ਬੱਤੀ ਲਾਲ ਹੋਣੀ ਸੀ ਉਤਰਨ ਪਹਿਨਣ ਵਾਲੀਏ ਤੂੰ ਵੀ ਲੱਦੀ ਸੋਨੇ ਨਾਲ ਹੋਣੀ ਸੀ।
ਕੁੱਝ ਨਾ ਵਿਗੜਿਆ ਡੁੱਲ੍ਹੇ ਬੇਰਾਂ, ਬਾਦਲ ਬੜਾ ਦਿਆਲੂ ਐ ਹੁਣ ਨਾ ਆਖਾਂ ਕੁੱਤੇ ਦਾ ਵੱਢਿਆ, ਹੁਣ ਨਾ ਆਖਾਂ ਚਾਲੂ ਐ।
ਲੁੱਟ ਹੋਣ ਤੇ ਆਈ ਜੰਤਾ, ਲੁੱਟਣ ਵਿੱਚ ਭਲਾਈ ਐ ਅਪਣੀ ਕਿਹੜਾ ਵੱਟ ਸਾਂਝੀ, ਕੀ ਬਾਦਲਾਂ ਨਾਲ ਲੜਾਈ ਐ?
ਬੇਈਮਾਨੀ ਲੱਕ ਬੰਨ੍ਹਣਾ ਪੈਣਾ ਜੇਕਰ ਰੋਟੀ ਖਾਣੀ ਐ ਕਰ ਲੈਂਦੀ ਐ ਗੱਲ ਅਕਲ ਦੀ ਵਹੁਟੀ ਬੜੀ ਸਿਆਣੀ ਐ।
ਘਾਟੇ ਵਾਲਾ ਸੌਦਾ ਨਹੀਂ ਏ, ਧਰਮਾਂ ਦਾ ਵਿਓਪਾਰ ਕਰੋ ਧਰਮ ਦੀ ਚਾਦਰ ਤਾਣ ਕੇ ਹੇਠ੍ਹਾਂ ਜੋ ਜੀਅ ਆਵੇ ਯਾਰ ਕਰੋ।
ਕਤਲ ਕਰੋ, ਬਲਾਤਕਾਰ ਕਰੋ ਤੇ ਭਾਵੇਂ ਸ਼ਰੇ ਬਾਜ਼ਾਰ ਕਰੋ ਕੋਣ ਮਾਈ ਦਾ ਲਾਲ ਪਿਆ ਟੋਕੇ ਅਪਣੀ ਐ ਸਰਕਾਰ ਕਰੋ।
ਪਤਾ ਨਹੀਂ ਅੰਦਰ ਕਿਹੜੀ ਸ਼ੈਅ ਜੋ ਢਹਿ ਜਾਂਦੀ ਪਰ ਹਰਦੀ ਨਹੀਂ ਹਾਏ ਜ਼ਮੀਰੇ ਮਰ ਗਏ ਭੁੱਖੇ ਤੂੰ ਪਰ ਕਾਹਤੋਂ ਮਰਦੀ ਨਹੀਂ?
(ਗੱਗ-ਬਾਣੀ)
|
|
22 Nov 2013
|