ਓਦੋਂ ਹਾਲੀ ਲਹੂਆਂ ’ਚ
ਸਫ਼ੈਦੀ ਨਹੀਂ ਸੀ ਆਈ
ਓਦੋਂ ਹਾਲੀ ਰਿਸ਼ਤੇ
ਲੰਗਾਰ ਨਹੀਂ ਸੀ ਹੋਏ।
ਓਦੋਂ ਦੀਆਂ ਗੱਲਾਂ ਨੇ ਏਹ
ਜਦੋਂ ਮੇਰੇ ਦੋਸਤੋ
ਪਿਆਰ-ਪਿਆਰ ਸਨ
ਵਪਾਰ ਨਹੀਂ ਸੀ ਹੋਏ।
ਚੋਣਾਂ ਦਿਆਂ ਦਿਨਾਂ ਵਿੱਚ
ਬਿੱਲੇ ਲਾ ਲਾ ਘੁੰਮਣਾ
ਤੇ ਹੱਥਾਂ ਵਿੱਚ ਹੁੰਦੀਆਂ ਸੀ ਝੰਡੀਆਂ।
ਸੁਬਾਹ ਹੋਣੀ ‘ਪੰਜੇ’ ਨਾਲ
ਸ਼ਾਮ ‘ਦੀਵੇ’ ਨਾਲ ਹੋਣੀ
ਮਨਾਂ ਵਿੱਚ ਪਈਆਂ ਨਹੀਂ ਸੀ ਵੰਡੀਆਂ।
ਬਾਲ ਸਾਂ ਤੇ ਨੇਤਾ ਵੀ
ਗੱਦਾਰ ਨਹੀਂ ਸੀ ਹੋਏ।
ਪਿਆਰ-ਪਿਆਰ ਸਨ
ਵਪਾਰ ਨਹੀਂ ਸੀ ਹੋਏ।
‘ਨੀਲਕੰਠ’ ਪਾਂਡੇ ਜੀ ਤੋਂ
ਸ਼ਾਮ ਕਥਾ ਸੁਣਨੀ
ਸਵੇਰੇ ਪਾਠ ‘ਮੋਹਨ ਸਿੰਘ ਭਾਈ’ ਤੋਂ।
‘ਗੁਰੂ ਗ੍ਰੰਥ ਸਾਹਿਬ’ ਜੀ ਤੋਂ
ਛੋਟਾ ਵੀਰ ਮੰਗਣਾ
‘ਪਾਸ ਹੋਣਾ’ ਮੰਗਣਾ ‘ਮਹਾਂਮਾਈ’ ਤੋਂ।
ਧਰਮ ਸੀ ਰਸਤੇ
ਦੀਵਾਰ ਨਹੀਂ ਸੀ ਹੋਏ।
ਪਿਆਰ ਪਿਆਰ ਸਨ
ਵਪਾਰ ਨਹੀਂ ਸੀ ਹੋਏ।
ਟਿੱਪ ਟਿੱਪ ਕੋਠਿਆਂ ਨੇ
ਚੋਣਾ ਜਦੋਂ
ਲੱਗਣੀ ਝੜੀ ਸਾਉਣ ਵਾਲੀ, ਵੀਰਵਾਰ ਨੂੰ।
ਮਹੀਨਿਆਂ ਤੋਂ ਪਿੱਟਦੀ ਸਾਂ
ਕੋਠੇ ਲਿੰਬਵਾ ਦੇ ਮਾਂ ਨੇ
ਵਾਰ ਵਾਰ ਕਹਿਣਾ ਸਰਦਾਰ ਨੂੰ।
ਮਾਂ ਦਿਆਂ ਮਿਹਣਿਆਂ ਤੋਂ, ਪਿਤਾ ਦਰਵੇਸ਼ ਸਾਡੇ
ਖਿੱਝੇ ਨਹੀਂ ਸੀ ਕਦੀ, ਅਵਾਜ਼ਾਰ ਨਹੀਂ ਸੀ ਹੋਏ।
ਪਿਆਰ ਪਿਆਰ ਸਨ
ਵਪਾਰ ਨਹੀਂ ਸੀ ਹੋਏ।
ਉਦੋਂ ਹਾਲੀ ਰੇਡੀਓ ਹੀ
ਬੋਲਦੇ ਸੀ ਘਰਾਂ ਵਿੱਚ
ਏਹ ਟੀ.ਵੀ ਨਹੀਂ ਆਏ ਸੀ।
‘ਠੰਡੂ ਰਾਮ’ ਬੋਲਣਾ ਜਾਂ
‘ਦੇਸ਼ ਪੰਜਾਬ’ ਵਿੱਚ
ਗੀਤ ਜਾਂਦੇ ਚੋਟੀ ਦੇ ਸੁਣਾਏ ਸੀ।
ਤਾਰ ਤਾਰ ਹਾਲੀਂ
ਸਰੋਕਾਰ ਨਹੀਂ ਸੀ ਹੋਏ।
ਪਿਆਰ ਪਿਆਰ ਸਨ
ਵਪਾਰ ਨਹੀਂ ਸੀ ਹੋਏ।
ਦਮੜੀ ਦਾ ਸੱਕ ਮਲ੍ਹ
ਮੋਹ ਲੈਣਾ ਜੱਗ ਨੂੰ
ਏਹ ਪੇਸਟਾਂ, ਲਿਪਸਟਿਕਾਂ ਨਾ ਆਈਆਂ ਸੀ।
ਘੋਲ ਲੈਣੇ ਸੱਤੂ ਤੇ ਜਾਂ
ਕਰਨੀ ਸ਼ਿਕੰਜਵੀ
ਏਹ ‘ਕੋਕੋ ਕੋਲੇ’ ਨਹੀਂ ਸੀ, ਸ਼ਰਦਾਈਆਂ ਸੀ।
ਮੌਰਾਂ ’ਤੇ ਸਵਾਰ ਏਹ
ਬਾਜ਼ਾਰ ਨਹੀਂ ਸੀ ਹੋਏ।
ਪਿਆਰ ਪਿਆਰ ਸਨ
ਵਪਾਰ ਨਹੀਂ ਸੀ ਹੋਏ।
ਜਗਦੀਸ਼ ਸਚਦੇਵਾ-ਮੋਬਾਈਲ: 98143-80051