ਗਲਵੱਕੜੀ
ਕਾਕਾ ਗਿੱਲ
ਗਲਵੱਕੜੀ ਲਈ ਖੁੱਲ੍ਹੀਆਂ ਤਰਸਣ ਖਾਲੀ ਬਾਹਾਂ
ਸੰਗੀਤ ਵਿਛਾਉਣ ਫ਼ਿਜ਼ਾਈਂ ਦਰਦ ਭਿੱਜੀਆਂ ਆਹਾਂ
ਰੌਸ਼ਨੀਆਂ ਨੇ ਰਾਤੀਂ ਕਿੱਕਲੀ ਪਾਈ
ਕੋਰੇ ਜੋਰੀਂ ਫੱਗਣ ਦੀ ਸੰਗਰਾਂਦ ਮਨਾਈ
ਮਹਿਕਾਂ ਨੇ ਵੱਸਦੇ ਗੁਲਜ਼ਾਰ ਵਿਸਾਰ ਦਿੱਤੇ
ਤੋੜ ਬੂਟਿਓਂ ਫ਼ੁੱਲਾਂ ਦੀ ਮਾਲ਼ਾ ਬਣਾਈ
ਲੋਈ ਵਿੱਚੋਂ ਲਾਪਤਾ ਤਪਸ਼ ਤਾਂਘ ਦੀ
ਨਿੱਘ ਨੂੰ ਤਰਸਣ ਸੀਤ ਠਰੀਆਂ ਚਾਹਾਂ
ਚੁਫੇਰੇ ਵਾਸ਼ਨਾ ਦਾ ਜ਼ੱਸ਼ਨ ਫੈਲਦਾ ਭਾਸੇ
ਚਿੜੀਆਂ ਦੇ ਝੁਰਮਟ ਵਿੱਚੋਂ ਨਿੱਕਲਣ ਹਾਸੇ
ਉਮੀਦ ਦਾ ਦੀਵਾ ਵੀ ਤੇਲ ਮੁਕਾਕੇ
ਲਾਟ ਬੁਝੀ ਨ੍ਹੇਰੇ ਕਾਲਖ ਰੰਗ ਥਾਪੇ
ਪੈੜਚਾਲ ਦਾ ਭੁਲੇਖਾ ਪੈਂਦਾ ਕੰਨਾਂ ਨੂੰ
ਤੇਰੀਆਂ ਪੈੜਾਂ ਬਾਝੋਂ ਸੁੰਨੀਆਂ ਹੋਈਆਂ ਰਾਹਾਂ
ਗਲਵੱਕੜੀ ਦਾ ਅਨੰਦ ਊਣਾ ਰਹਿ ਲਟਕਿਆ
ਬੂਟਾ ਇਸ਼ਕ ਵਾਲਾ ਉਜਾੜੀਂ ਜਾ ਭਟਕਿਆ
ਖ਼ਤਮ ਹੋਇਆ ਗਹਿਰਾ ਰਿਸ਼ਤਾ ਦੂਰੀਆਂ ਨਾਲ
ਖੁਰ ਗਿਆ ਹੜੀਂ ਕਲਾਵੇ ਦਾ ਢਾਲ
ਸੁਗੰਧ ਉੱਡੀ ਇਤਰਾਂ ਦੇ ਬੁੱਕ ਵਿੱਚੋਂ
ਪਰੋਂ ਨਿਗਾਹੀਂ ਪ੍ਰੀਤਮ, ਭੈੜੇ ਹੋਏ ਹਾਲ
ਪੁਲ ਰੁੜ੍ਹਿਆ, ਨਾ ਮਲਾਹ ਨਾ ਬੇੜੀ
ਚੜ੍ਹੇ ਦਰਿਆ ਕੰਢੇ ਕਾਰਵਾਂ ਆਕੇ ਅਟਕਿਆ
ਪੜਾਅ ਦੀ ਸਰਾਂ ਢਹਿ ਢੇਰੀ ਰੋਵੇ
ਥਕਾਵਟ ਲੋ-ਹੀਣ ਤਾਰਿਆਂ ਦੀ ਉਜਾਗਰ ਹੋਵੇ
ਨਾ ਕੋਈ ਪੌਣ ਦਾ ਕਸ਼ਟ ਵੰਡਾਉਂਦਾ
ਕੌਣ ਰੱਤੀ ਰੁੱਤ ਦੇ ਧੱਬੇ ਧੋਵੇ
ਝੱਖੜ ਝੁੱਲੇ, ਪੈੜਾਂ ਗੁੰਮੀਆਂ, ਸਿਰਨਾਵੇਂ ਗੁਆਚੇ
ਜੋਬਨਹੀਣ ਗੁਜਰੇ ਜੁਆਨੀ, ਰੂਪ ਨਾ ਮਟਕਿਆ
ਗਲਵੱਕੜੀ ਵਾਲਾ ਸੁਫ਼ਨਾ ਅਧੂਰਾ ਹੀ ਟੁੱਟਿਆ
ਸੱਧਰਾਂ ਦਾ ਸਾਗਰ ਔੜਾਂ ਮਾਰਿਆ ਸੁੱਕਿਆ
ਵਾਟ ਮੁਕਾਉਣੀ ਔਖੀ, ਸੰਗਮ ਹੱਥੋਂ ਫਿਸਲੇ
ਖੁੱਭਣ ਪੈਰ-ਤਲੀਂ ਵਿੱਥ ਦੇ ਤੱਕਲੇ
ਅਸਹਿ ਹੋ ਚੱਲੇ ਕਦਮ ਹੋਰ ਪੁੱਟਣੇ
ਹਿੰਮਤ ਥੱਕੀ ਹਾਰੀ, ਨਿਸ਼ਚੇ ਪੈ ਗਏ ਪਤਲੇ
ਬੇਰੁੱਤੇ ਹੀ ਚਾਨਣ ਨੇ ਖ਼ੁਸ਼ਬੂ ਹੰਢਾਈ
ਆਸ ਦੀ ਕਿਰਨ ਲਾਪਤਾ, ਹਨੇਰਾ ਲੁੱਕਿਆ
ਹੰਭ ਕੇ ਥੱਲੇ ਡਿੱਗਣ ਖੁੱਲ੍ਹੀਆਂ ਬਾਹਵਾਂ
ਨਿਰਾਸ਼ਾ ਛਾਈ, ਸਿਦਕ ਗੁਆ ਦਿੱਤਾ ਚਾਅਵਾਂ
ਤਾਅ ਘਟ ਚੱਲਿਆ ਗੋਰੀ ਧੁੱਪ ਦਾ
ਮਿਲਣ ਦੀ ਰੀਝ ਕਾਹਲੀ ਭੁਲਾਈ ਜਾਵਾਂ
ਚਿਹਰਾ ਪਛਾਣਕੇ ਨਾ ਓਪਰਾ ਕੋਲ ਰੁਕਦਾ
ਗਲਵੱਕੜੀ ਦਾ ਫੁੱਲ ਕਿਸ ਜੜ੍ਹੋਂ ਪੁੱਟਿਆ
ਗਲਵੱਕੜੀ ਦੀ ਤਕਲੀਫ਼ ਉੱਸਰਦੀ ਜਾ ਰਹੀ
ਗਲਵੱਕੜੀ ਦੀ ਪੀੜ ਧੁਖਦੀ ਜਾ ਰਹੀ
ਗਲਵੱਕੜੀ ਦੀ ਟੀਸ ਵਧਦੀ ਜਾ ਰਹੀ
ਗਲਵੱਕੜੀ ਦੀ ਰੀਝ ਮੁੱਕਦੀ ਜਾ ਰਹੀ
ਗਲਵੱਕੜੀ ਦੀ ਨਿੱਘ ਠੰਢੀ ਹੋ ਗਈ
ਗਲਵੱਕੜੀ ਦੀ ਚਮਕ ਗੰਧਲੀ ਹੋ ਗਈ
ਗਲਵੱਕੜੀ ਹੁਣ ਮੈਨੂੰ ਕੋਈ ਨਾ ਪਾਵੇਗਾ
ਗਲਵੱਕੜੀ ਦਾ ਗੀਤ ਕੋਈ ਨਾ ਗਾਵੇਗਾ
ਗਲਵੱਕੜੀ ਹੁਣ ਮੈਨੂੰ ਕੋਈ ਨਾ ਪਾਵੇਗਾ
ਗਲਵੱਕੜੀ ਹੁਣ ਮੈਨੂੰ ਕੋਈ ਨਾ ਪਾਵੇਗਾ