ਗ਼ਜ਼ਲ --
ਕਦੇ ਚੰਦਾ, ਕਦੇ ਸੂਰਜ , ਕਦੇ ਰੱਬ ਹੀ ਬਣਾ ਦੇਵੇ ।
ਜਿਵੇਂ ਚਾਹੇ ਇਹ ਦਿਲ ਮਹਿਬੂਬ ਦਾ ਰੁਤਬਾ ਵਧਾ ਦੇਵੇ ।
ਖ਼ੁਦਾ ਜਾਣੇ ਕਿਵੇਂ ਇਤਫ਼ਾਕ ਬਣਿਆ ਮਿਲ ਗਏ ਆਪਾਂ,
ਦੁਆ ਕਰੀਏ ਕਿ ਸਭ ਨੂੰ ਹੀ ਇਵੇਂ ਮੌਕਾ ਖ਼ੁਦਾ ਦੇਵੇ ।
ਉਹ ਮਿਲਦਾ ਹੈ ਸਦਾ ਹੱਸ ਕੇ , ਬੁਲਾਉਂਦੈ ਵੀ ਮੁਹੱਬਤ ਨਾਲ,
ਉਹਦੀ ਮਰਜ਼ੀ ਉਹ ਦਿਲ ਵਿਚ ਵੀ ਜਗ੍ਹਾ ਦੇਵੇ ਜਾਂ ਨਾ ਦੇਵੇ ।
ਸਮਾਂ ਮਜ਼ਬੂਰ ਜਦ ਕਰਦੈ, ਬਦਲ ਹਾਲਾਤ ਇੰਜ ਦਿੰਦੈ ,
ਜੋ ਹਰ ਪਲ ਯਾਦ ਕਰਦਾ ਹੈ , ਉਹ ਸਾਲਾਂ ਤੱਕ ਭੁਲਾ ਦੇਵੇ ।
ਦਿਲਾ ਬੀਤੇ ਦਿਨਾਂ ਦੀ ਯਾਦ ਏਦਾਂ ਵੀ ਤਾਂ ਆਉਂਦੀ ਹੈ,
ਜੋ ਰੋਦੇ ਨੂੰ ਹਸਾ ਦੇਵੇ ਤੇ ਹੱਸਦੇ ਨੂੰ ਰੁਆ ਦੇਵੇ ।
ਮੇਰੀ ਤਕਦੀਰ ਵਿੱਚ ਮਿਲਨਾ ਵੀ ਕੁਝ ਏਦਾਂ ਹੀ ਲਿਖਿਆ ਹੈ,
ਜੋ ਅੱਜ ਮਿਲਦਾ ਗਲ਼ੇ ਲੱਗ ਕੇ, ਉਹ ਦੂਜੇ ਦਿਨ ਭੁਲਾ ਦੇਵੇ ।
ਉਦ੍ਹੇ ਵਿਉਹਾਰ ਬਾਰੇ ਮੈਂ ਕਹਾਂ ਤਾਂ ਕੀ ਕਹਾਂ ਯਾਰੋ,
ਜੋ ਪਲਕਾਂ ਤੇ ਬਿਠਾ ਕੇ ਖ਼ੁਦ ਹੀ ਨਜ਼ਰਾਂ ਚੋਂ ਗਿਰਾ ਦੇਵੇ ।
ਬੁਰੀ ਲੱਗੀ ਜੇ ਗੱਲ ਉਸਨੂੰ , ਕਰੇ ਬਹਿ ਕੇ ਗਿਲਾ-ਸ਼ਿਕਵਾ,
ਕਹੋ ਉਸਨੂੰ, ਪਰੇ ਰਹਿ ਕੇ , ਨਾ ਹਉਮੈ ਨੂੰ ਹਵਾ ਦੇਵੇ ।
ਜ਼ਮਾਨਾ ਇਸ਼ਕ ਨੂੰ ਇਕ ਰੋਗ ਜਾਂ ਫਿਰ ਇਕ ਬਲ਼ਾ ਕਹਿੰਦੈ,
ਜੋ ਕਰਦਾ ਹੈ, ਉਹੀ ਜਾਣੇ , ਖੁਸ਼ੀ ਕੀ ਇਹ ਬਲ਼ਾ ਦੇਵੇ ।
ਤੂੰ ਸਮਝੀ ਜਾਹ ਉਨੂੰ ਅਪਣਾ, ਜਦੋਂ ਤੱਕ ਵੀ ਦਿਲਾ ਚਾਹੁੰਨੈ,
ਕਿਸੇ ਨੂੰ ਆਪਣਾ ਕਹਿਣਾ ਵੀ ਰੂਹ ਨੂੰ ਹੌਸਲਾ ਦੇਵੇ ।
ਬੁਰਾ ਲਗਦਾ ਨਹੀਂ ਮੈਨੂੰ , ਉਦ੍ਹਾ ਮਿਲ ਕੇ ਜੁਦਾ ਹੋਣਾ,
ਮੁਹੱਬਤ ਕੀ ਭਲਾ ਹੋਈ , ਕਦੇ ਜੋ ਦਰਦ ਨਾ ਦੇਵੇ ।
ਉਹ ਮੇਰਾ ਹੈ , ਮੇਰੇ ਬਾਰੇ , ਜੁਦਾ ਹੋ ਕੇ ਵੀ ਸੋਚੇਗਾ,
ਉਹ ਦੇਵੇਗਾ ਹੀ ਕੁਝ ਮੈਨੂੰ , ਭਲੇ ਹੀ ਬਦ-ਦੁਆ ਦੇਵੇ ।
ਇਹ ਵੀ ਸੱਚ ਹੈ ਕਿ ਮਹਿਰਮ ਝੂਠ ਵੀ ਸੱਚ ਹੀ ਨਜ਼ਰ ਆਉਂਦੈ,
ਜੇ ਝੂਠਾ ਝੂਠ ਤੇ ਸੱਚ ਦਾ ਮੁਲੰਮਾ ਹੀ ਚਡ਼੍ਹਾ ਦੇਵੇ ।
============================