ਗ਼ਜ਼ਲ
ਵੇਖਦਾਂ ਜਦ ਸ਼ਹਿਰ ਤੇਰੇ ਸੂਰਜ ਠਰਦੇ ਨੇ
ਗੀਤ ਮੇਰੇ ਸਦਾ ਲਈ ਸੂਲੀ ਚੜ੍ਹਦੇ ਨੇ
ਸੰਦਲੀ ਜੁਲਫਾਂ 'ਚ ਓਪਰਾ ਚਿਹਰਾ ਦਿਸਦਾ ਹੈ
ਸਿਵਿਆਂ ਦੇ ਬਦਲ ਮੇਰੇ ਸ਼ਹਿਰ ਤੇ ਵਰ੍ਹਦੇ ਨੇ
ਦੋਸਤੀ 'ਚ ਧੋਖੇ ਦਾ ਜਦ ਆਲਮ ਆਉਂਦਾ ਹੈ
ਯਖ ਹੋਏ ਜਜਬਾਤ ਮੇਰੇ ਹੋਰ ਵੀ ਠਰਦੇ ਨੇ
ਖ਼ਾਬ ਦਾ ਪਿਆਰ ਨੂੰ ਜਦ ਰੁੱਤਬਾ ਮਿਲਦਾ ਹੈ
ਬੋਲ ਮੇਰੇ ਗੀਤਾਂ ਦੇ ਕੁਝ ਹੌਕੇ ਭਰਦੇ ਨੇ
ਅੱਗ ਤੇਰੀ ਦੀ ਭੁੱਬਲ ਵੀ ਬੁੱਝਣ ਲਗਦੀ ਹੈ
ਪ੍ਰਸ਼ਨ ਜੀਣ ਮਰਨ ਦਾ ਮੇਰੇ ਹੋਂਠ ਕਰਦੇ ਨੇ
ਚੁੱਪ ਤੇਰੇ ਹੋਂਠਾਂ ਦੀ ਚੁੱਪ ਹੀ ਰਹਿੰਦੀ ਹੈ
ਗੀਤ ਮੇਰੇ ਮਰੇ ਹੋਏ ਇਹ ਸ਼ਾਹਦੀ ਭਰਦੇ ਨੇ