ਤੇਰੇ ਹੱਥਾਂ ਚ਼ ਜਦ ਤੱਕ ਕਾਤਲਾਂ ਤਲਵਾਰ ਰਹਿਣੀ ਹੈ
ਸਿਰਾਂ ਦੀ ਭੀੜ ਮਕਤਲ਼ ਵਾਸਤੇ ਤਇਆਰ ਰਹਿਣੀ ਹੈ
ਇਹ ਤੇਰਾ ਵਹਿਮ ਹੈ ਤੂਫ਼ਾਨ ਤੋਂ ਡਰ ਜਾਣਗੇ ਪੰਛੀ,
ਅਸਾਡੇ ਉੱਡਣ ਦੀ ਤਾਂ ਦੁੱਗਣੀ ਰਫ਼ਤਾਰ ਰਹਿਣੀ ਹੈ
ਕਿ ਸਿਰ ਤੇ ਹੀ ਨਹੀਂ ਇਹ ਜ਼ਿੰਦਗੀ ਤੇ ਹੈ ਚਿਣੀ ਹੋਈ,
ਮੇਰੇ ਸਾਹਾਂ ਦੇ ਨਾਲ਼ੋ-ਨਾਲ਼ ਹੀ ਦਸਤਾਰ ਰਹਿਣੀ ਹੈ
ਮਿਰੇ ਦਿਲ਼ਦਾਰ ਜੋ ਮੈਨੂੰ ਲਿਖ਼ੀ ਤੂੰ ਆਖ਼ਰੀ ਚਿੱਠੀ,
ਉਹਦੀ ਹਰ ਸ਼ਤਰ ਬਣਕੇ ਆਤਮਾ ਤੇ ਭਾਰ ਰਹਿਣੀ ਹੈ
ਜਦੋਂ ਤਕ ਤੂੰ ਏਂ ਮੋਮਨ ਮੈਂ ਹਾਂ ਹਿੰਦੂ ,ਸਿੱਖ ਤਦ ਤੀਕਰ,
ਦਿਲਾਂ ਵਿੱਚ ਹੋਰ ਉੱਚੀ ਹੋ ਰਹੀ ਦੀਵਾਰ ਰਹਿਣੀ ਹੈ
ਮੋਹਬਤ ਨਾਮ ਹੈ ਜਿਸਦਾ ਅਜ਼ਬ ਅਹਿਸਾਸ ਹੈ ਇਹ ਵੀ,
ਉਹ ਜਿੱਥੇ ਵੀ ਰਹੇ ਮੇਰੀ ਨਜ਼ਰ ਸਰਸ਼ਾਰ ਰਹਿਣੀ ਹੈ
