ਗਜ਼ਲ
ਇਸ ਤਰਾਂ ਦੀ ਜਾਪੇ ਉਸਦੀ ਦਿਲਲਗੀ
ਪਿਆਸ ਹੋਵੇ ਜਿਉਂ ਥਲਾਂ ਵਿਚ ਭਟਕਦੀ
ਕੀ ਪਤਾ ਡੋਲੇ ਨੇ ਕਿੰਨੇ ਅੱਥਰੂ
ਨੈਣ ਉਸਦੇ ਜਾਪਦੇ ਸੁੱਕੀ ਨਦੀ
ਜਿਸ ਜਗਾ ਤੂੰ ਦਫ਼ਨ ਕੀਤਾ ਬੀਜ ਨੂੰ
ਉਸ ਜਗਾ ਫੁੱਟੇਗੀ ਇੱਕ ਦਿਨ ਰੌਸ਼ਨੀ
ਚੜਕੇ ਸੂਰਜ ਦੇ ਕੰਧੇੜੇ ਰੋਜ਼ ਹੀ
ਪਰਬਤਾਂ ਤੋਂ ਸ਼ਾਮ ਹੇਠਾਂ ਉੱਤਰਦੀ
ਨਾਲ ਲੈ ਚੰਨ ਤਾਰਿਆਂ ਦਾ ਕਾਫਿ਼ਲਾ
ਝੀਲ ਦੇ ਵਿਚ ਰਾਤ ਦੇਖੀ ਤੈਰਦੀ
ਬਾਹਰ ਸੀ ਜੰਗਲ ਮੇਰੇ ਅੰਦਰ ਵੀ ਸੀ
ਹਰ ਤਰਫ਼ ਹੀ ਸੀ ਸਫ਼ਰ ਵਿਚ ਖਾਮੋਸ਼ੀ
ਇੱਕ ਘੜੀ ਉਹ ਬਰਸਦੀ ਬਰਸਾਤ ਸੀ
ਦੋ ਘੜੀ ਨੂੰ ਹੋ ਗਈ ਪੱਥਰ ਜਿਹੀ
ਕਿਉਂ ਮੈਂ ਛੇੜਾਂ ਜ਼ਿਕਰ ਪਿਆਸੀ ਰੇਤ ਦਾ
ਸਾਗਰਾਂ ਅੰਦਰ ਵੀ ਹੁੰਦੀ ਤਿਸ਼ਨਗੀ
ਉਹ ਜਦੋਂ ਵੀ ਅੱਥਰੂ ਬਣ ਡੁੱਲਿਆ
ਜ਼ਿੰਦਗੀ ਜਾਪੀ ਉਦੋਂ ਮਨਫ਼ੀ ਜਿਹੀ
ਗੁਰਮੀਤ ਖੋਖਰ