ਫ਼ੁੱਲ ਵਾਗ਼ੂੰ ਕੁਮਲਾਈ ਜਾਨਾਂ।
ਬਹੁਤਾ ਹੀ ਮੁਰਝਾਈ ਜਾਨਾਂ।
ਕਹਿਕਾ ਮਾਰਕੇ ਹੱਸੀ ਜਾਨਾਂ,
ਐਦਾਂ ਦਰਦ ਛੁਪਾਈ ਜਾਨਾਂ।
ਅੰਦਰੋਂ ਅੱਗ ਦੇ ਅੱਥਰੂ ਰੋਵੇਂ,
ਉਪਰੋਂ ਪਰ ਮੁਸਕਾਈ ਜਾਨਾਂ।
ਲੋਕਾਂ ਲਈ ਤੂੰ ਰਾਹ ਦਸੇਰਾ,
ਖ਼ੁਦ ਨੂੰ ਅੰਦਰੋਂ ਢਾਈ ਜਾਨਾਂ।
ਅਸੀਂ ਤਾਂ ਕੱਲੇ ਦੁਖ਼ੀ ਨਹੀਂ ਹਾਂ,
ਇੰਝ ਕਹਿ ਡੰਗ ਟਪਾਈ ਜਾਨਾਂ।
ਮਨ ਨੂੰ ਖ਼ੁਦ ਮਜ਼ਬੂਤ ਕਰੇਂ ਨਾ,
ਲੋਕਾਂ ਨੂੰ ਸਮਝਾਈ ਜਾਨਾਂ।
ਕਿਹੜਾ ਰੋਗ਼ ਅਵੱਲਾ ਲੱਗਾ,
ਗ਼ਮ ਦਾ ਮਹੁਰਾ ਖ਼ਾਈ ਜਾਨਾਂ।
ਹੋਰ ਤਾਂ ਕਿੱਸੇ ਫ਼ੋਲੀ ਜਾਨਾ,
ਅਸਲੀ ਗੱਲ ਦਬਾਈ ਜਾਨਾ।
ਘਰ ਨੂੰ ਤਾਂ ਰੁਸ਼ਨਾਈ ਜਾਨਾ,
ਮਨ ਦਾ ਦੀਪ ਬੁਝਾਈ ਜਾਨਾਂ।
ਰੁਦਨ ਵਾਲ਼ੀਆਂ ਨਜ਼ਮਾਂ ਲਿਖ਼ ਕੇ,
ਖ਼ੁਦ ਨੂੰ ਖ਼ੂਬ ਰੁਆਈ ਜਾਨਾਂ।
”ਸਾਥੀ” ਖ਼ੁੱਲ੍ਹ ਕੇ ਗੱਲ ਕਰਿਆ ਕਰ,
ਕਾਹਤੋਂ ਗੱਲ ਛੁਪਾਈ ਜਾਨਾਂ।
ਡਾ. ਸਾਥੀ ਲੁਧਿਆਣਵੀ