ਖੁੱਲ ਜਾਵੇਗਾ ਆਪੇ ਇੱਕ ਦਿਨ ਬੂਹਾ ਜੰਨਤ ਦਾ ।
ਛੱਡੀਂ ਨਾ ਤੂੰ ਫੜ ਕੇ ਰੱਖੀਂ ਪੱਲਾ ਹਿੰਮਤ ਦਾ ।
ਹਾਲ ਭਲਾ ਕੀ ਇਸ ਤੋਂ ਮੰਦਾ ਹੋਣਾ ਗੁਰਬਤ ਦਾ ।
ਹਾਰ ਕੇ ਲੋਕੀ ਕਰ ਲੈਂਦੇ ਨੇ ਸੌਦਾ ਅਸਮਤ ਦਾ ।
ਪਰਦੇ ਪਾ ਕੇ ਲੱਖ ਛੁਪਾ ਕੇ ਵੇਖ ਲਈਂ ਤੂੰ ਪਰ,
ਇੱਕ ਨਾ ਇੱਕ ਦਿਨ ਖੁੱਲ ਕੇ ਰਹਿਣਾ ਭੇਦ ਹਕੀਕਤ ਦਾ ।
ਰਿਸ਼ਤੇ ਨਾਤੇ ਪਿਆਰ ਮੁਹੱਬਤ ਸਾਰੇ ਭੁੱਲ ਬੈਠੇ ,
ਸਭ ਦੇ ਉੱਤੇ ਜਾਦੂ ਛਾਇਆ ਹੋਇਆ ਦੌਲਤ ਦਾ ।
ਇੱਕ ਵਾਰੀ ਤਾਂ ਸਭ ਦੇ ਹੀ ਜੀਵਨ ਵਿੱਚ ਆਉਂਦਾ ਹੈ ,
ਸਾਂਭ ਲਵੋ ਖੋ ਜਾਵੇ ਨਾ ਇਹ ਪਲ ਮੁਹੱਬਤ ਦਾ ।
ਹੱਕ ਕਿਸੇ ਦਾ ਮਾਰਨ ਤੋਂ ਪਹਿਲਾਂ ਇਹ ਸੋਚ ਲਵੀਂ ,
ਅੰਬਰ ਨੂੰ ਵੀ ਲੂਹ ਲੈਂਦਾ ਹੈ ਬੋਲ ਬਗਾਵਤ ਦਾ ।
ਤੂੰ ਵੀ ਲੋਕਾਂ ਵਾਂਗ ਬਦਲ ਜਾ ਦੁਨੀਆਂ ਹੈ ਬਦਲੀ ,
ਲੋਕ ਉਠਾ ਗਏ ਲਾਹਾ ਤੇਰੀ ਤੂਰ ਸ਼ਰਾਫਤ ਦਾ ।
ਰਾਜਦੀਪ ਤੂਰ