ਆਹ ਚੁੱਕ ਅਪਣਾ ਹਾਉਮੈਂ ਹੁੱਸੜ, ਤੁਰਦਾ ਹੋ ।
ਜੋ ਝੁਲਦੈ ਝੁੱਲ ਜਾਣ ਦੇ ਝੱਖੜ, ਤੁਰਦਾ ਹੋ ।
ਬਹਿ ਜਈਂ ਨਾ ਕਰਵਾਕੇ ਸਿਰ ਨੂੰ ਧੜ ਤੋ ਵੱਖ
ਬਣਿਆ ਫਿਰਦੈਂ ਮੱਸਾ ਰੰਘੜ, ਤੁਰਦਾ ਹੋ ।
ਜਦ ਤੈਨੂੰ ਰਿਸ਼ਤੇ ਦੀ ਕੋਈ ਲਾਜ ਨਹੀਂ
ਕੌਣ ਭਤੀਜਾ ਕਿਹੜਾ ਫੁੱਫੜ, ਤੁਰਦਾ ਹੋ।
ਚੂਸ ਲਿਐ ਤੂੰ ਖ਼ੂਨ ਬਥੇਰਾ ਮਾੜੇ ਦਾ
ਢਿੱਡੀ ਹੁਣ ਤਾਂ ਹੋ ਗਈ ਗੋਗੜ, ਤੁਰਦਾ ਹੋ ।
ਕੁਰਸੀ ਉੱਤੇ ਬੈਠ ਪਛਾਣੇਂ ਨਾ ਸਾਨੂੰ
ਚੋਣਾਂ ਵੇਲੇ ਅੱਗੜ-ਪਿੱਛੜ, ਤੁਰਦਾ ਹੋ ।
ਇਕ ਵੀ ਵਾਦਾ ਤੈਥੋਂ ਪੂਰਾ ਹੋਣਾ ਨਈਂ
ਐਵੇਂ ਮਾਰੀ ਜਾਨੈਂ ਜੱਕੜ, ਤੁਰਦਾ ਹੋ ।
ਰੋਸ ਮੁਜ਼ਾਹਰੇ ਕਰ ਕਰ ਥੱਕੇ ਐ ਹਾਕਮ
ਲੋਕੀ ਹੁਣ ਮਾਰਨਗੇ ਥੱਪੜ , ਤੁਰਦਾ ਹੋ ।
ਜਨਤਾ ਕੋਲੋਂ ਮਾਫ਼ੀ ਮੰਗ ਤੇ ਪਿੰਡ ਛੁੜਾ
ਆਖ਼ਰ ਕਿਉਂ ਰੁਲਵਾਉਣੇ ਤੱਪੜ ਤੁਰਦਾ ਹੋ ।
ਅਮਰੀਕ ਗ਼ਾਫ਼ਿਲ