ਵੇਖ ਕੈਸਾ ਹੈ ਬਦਰਦਾਂ ਦਾ ਸ਼ਹਿਰ
ਧਰਮ ਦੇ ਢੋਂਗੀ ਸਦਾ ਢੌਂਦੇ ਕਹਿਰ।
ਭੇਖ ਵੇਖੋ ਨਿੱਤ ਸਾਧਾਂ ਦਾ ਕਰਨ
ਮਨ ਇਨਾਂ ਦੇ ਲੋਭ ਦੀ ਉੱਠੇ ਲਹਿਰ।
ਪੋਚਕੇ ਮੁਖੜੇ ਸਜਾ ਦਸਤਾਰ ਸਰ
ਚੋਜ ਕਰਦੇ ਨੇ ਕਈ ਅੱਠੇ ਪਹਿਰ।
ਧਰਮ ਦੀ ਥਾਂ ਹੈ ਫਰੇਬਾਂ ਦਾ ਚਲਨ
ਐੇਤ ਆ ਠਗਦੇ ਸਜਣ ਤੇਰੇ ਦਹਿਰ।
ਨਜ਼ਰ ਚੌਧਰ ਤੇ ਸਦਾ ਨੇ ਟੇਕਦੇ
ਮੂੰਹ ਅਲਾਵੇ ਚਾਹਿ ਸੇਵਾ ਦੀ ਬਹਿਰ।
ਆਪਣਾ ਵੀ ਖ਼ੂਨ ਦਇ ਜਦ ਹਾਰ ਹੀ
ਸ਼ਾਮ ਜਾਪੇ ਤਦ ਖੁਸ਼ੀਆਂ ਦੀ ਸਹਰ*।
* ਸਵੇਰ
ਠੱਲ੍ਹਣਾ ਤਾਂ ਹੋ ਜੇ ਮੁਸ਼ਕਲ ਹੀ ਬੜਾ
ਸਬਰ ਦੀ ਜਦ ਟੁੱਟ ਜਾਂਦੀ ਹੈ ਨਹਿਰ
ਸੋਚ ਕਦ ਤਕ ਚੱਲਣਾ ਹੈ ਝੂਠ ਨੇ
ਟੁੱਟ ਜਾਣਾ ਹੈ ਫਰੇਬਾਂ ਦਾ ਸਿਹਰ*।
* ਜਾਦੂ
ਪ੍ਰੇਮ ਸੱਚਾ ਪੱਥਰੋਂ ਖੋਜੇ ਖ਼ੁਦਾ
ਰੱਬ ਕਰਦਾ ਸਿਦਕ ਤੇ ਸੱਚੀ ਮਿਹਰ।
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ, ਕੈਨੇਡਾ