ਹਿਰਦੇ 'ਚ ਗਹਿਰਾ ਜ਼ਖ਼ਮ ਹੈ,ਤੇਰੇ ਵਿਛੜ ਜਾਣ ਦਾ
ਸੀਨੇ 'ਚ ਸੋਗ ਪਾ ਲਿਆ, ਤੇਰੀ ਉਡਾਣ ਦਾ
ਅੱਖੀਆਂ 'ਚ ਤੇਰਾ ਅਕਸ ਤੇ, ਹੋਠਾਂ ਤੇ ਨਾਮ ਹੈ
ਪੌਣਾਂ ਦੇ ਹੱਥੀਂ ਭੇਜਿਆ, ਪੈਗ਼ਾਮ ਆਣ ਦਾ
ਹੋਠਾਂ ਤੇ ਲਾ ਕੇ ਜੰਦਰੇ, ਤੂੰ ਦੂਰ ਤੁਰ ਗਿਆ
ਕਰਕੇ ਕਰਾਰ ਮੇਰੇ ਸੰਗ, ਉਮਰਾ ਨਿਭਾਣ ਦਾ
ਸੱਧਰਾਂ ਦਾ ਸੱਜਰਾ ਬੂਰ ਸੀ, ਡਾਲੀ ਤੋਂ ਝੜ ਗਿਆ
ਇਕ ਬਿਰਖ ਸੀ ਜੋ ਹੋ ਗਿਆ, ਖੰਡਰ ਦੇ ਹਾਣ ਦਾ
ਹਿੱਕੜੀ 'ਚ ਤੇਰੇ ਪਿਆਰ ਦਾ, ਦੀਵਾ ਹੈ ਬਲ ਰਿਹਾ
ਦੇਂਦਾ ਇਹ ਲੋਅ ਰਿਹਾ ਕਦੇ ਸੀਨਾ ਵੀ ਤਾਣ ਦਾ
ਕਿੰਨੇ ਵਰ੍ਹੇ ਨੇ ਬੀਤ ਗਏ, ਤੇਰੇ ਮੇਰੇ ਬਗ਼ੈਰ
ਆਖ਼ਰ ਨੂੰ ਤਿੜਕ ਚੱਲਿਆ, ਅਹਿਸਾਸ ਮਾਣ ਦਾ
ਮਿਲੀਆਂ ਨੇ ਮੈਨੂੰ ਮਹਿਫ਼ਲਾਂ, ਰਾਹਾਂ 'ਚ ਬੇ ਸ਼ੁਮਾਰ
ਤੇਰੇ ਬਿਨਾ ਇਹ ਜੀਣ ਸੀ, ਕੱਖਾਂ ਦੇ ਹਾਣ ਦਾ.
ਸੋਹਿੰਦਰ ਬੀਰ