|
ਗੀਤਕਾਰੀ ਬਦਨਾਮ ਹੋਈਂ ਜਾਂਦੀ ਐ |
ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ।
ਲਿਖਣ ਦਾ ਸ਼ੌਕ ਹੋਵੇ , ਲਿਖਣਾ ਵੀ ਚਾਹੀਂਦਾ ਹੈ । ਲਿਖਣ ਤੋਂ ਪਹਿਲਾਂ , ਕੁੱਝ ਸਿੱਖਣਾ ਵੀ ਚਾਹੀਂਦਾ ਹੈ । ਨਵੀਂ ਨਵੀਂ ਕਲਮ , ਨਿਲਾਮ ਹੋਈਂ ਜਾਂਦੀ ਐ । ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
ਬੇਲਿਆਂ 'ਚ ਮੰਗੂ ਨਾ , ਚਰਾਉਣ ਜੋਗੇ ਹੈਗੇ ਤੁਸੀਂ । ਮੋਬਾਇਲਾਂ ਵਿੱਚ ਕਾਰਡ, ਪੁਵਾਉਣ ਜੋਗੇ ਰਹਿਗੇ ਤੁਸੀਂ । ਮਿਸ ਕਾਲਾਂ ਵਾਲੀ ਗੱਲ ,ਏਥੇ ਆਮ ਹੋਈਂ ਜਾਂਦੀ ਐ । ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
• ਦੇਵ ਜਿਹੀਆਂ ਕਲੀਆਂ , ਜਾਂ ਲਿਖੋ ਨੂਰਪੁਰੀ ਜਿਹਾ । ਦਵਿੰਦਰ ਜਾਂ ਵਿਜੇ ਧੰਮੀ ,ਦੇਬੀ ਮਖ਼ਸੂਸਪੁਰੀ ਜਿਹਾ । ਪੰਜਾਬੀ ਗੀਤਕਾਰੀ ਵਾਲੀ , ਸ਼ਾਮ ਹੋਈਂ ਜਾਂਦੀ ਐ । ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
ਗੀਤਾਂ 'ਚ ਪੰਜਾਬਣ , ਸਲਾਹੁਣੀ ਥੋਨੂ ਆਈ ਨਾ । ਸੱਚੇ ਆਸ਼ਕਾਂ ਲਈ ਕਦੇ , ਕਲਮ ਘਸਾਈ ਨਾ । ਬੰਬੂਕਾਟਾਂ ਤੱਕ , ਰੋਕਥਾਮ ਹੋਈ ਜਾਂਦੀ ਐ । ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
ਬੇਦਿਲ ਤੇ ਭਿੰਦਰ ਦੇ ਦੌਰ ਵਾਲੀ ਗੱਲ ਕਰੋ । ਸੰਧੂ ਵਾਂਗੂੰ ਗੀਤ ਲਿਖ , ਕੁੱਝ ਹਲ ਚਲ ਕਰੋ । ਕਲਮਾਂ ਦੀ ਸਿਆਹੀ , ਕਾਹਤੋਂ ਜਾਮ ਹੋਈਂ ਜਾਂਦੀ ਐ । ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
ਰਾਏਕੋਟੀ , ਹਸਨਪੁਰੀ ਤੋਂ , ਕੁੱਝ ਸਿੱਖਣਾ ਸੀ । ਕਾਲੇ ਘੱਗਰੇ ਦਾ ਗਾਣਾ , ਤੁਸਾਂ ਕੋਈ ਲਿਖਣਾ ਸੀ । ਕਾਲਜਾਂ ਦੀ ਗੱਲ ਤਾਂ , ਤਮਾਮ ਹੋਈਂ ਜਾਂਦੀ ਐ । ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
ਪੜ੍ਹ ਲੈਂਦੇ ਪਾਰਸ ਨੂੰ , ਸੁਣ ਲੈਂਦੇ ਯਮਲੇ ਨੂੰ । ਜੀਨਾਂ ਛੀਨਾਂ ਛੱਡ ,ਕਿਤੇ ਮਾਵਾ ਲਾਉਂਦੇ ਸ਼ਮਲੇ ਨੂੰ । ਨੰਗੀ ਤਾਂ ਕਲਮ , ਸ਼ਰੇਆਮ ਹੋਈਂ ਜਾਂਦੀ ਐ । ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
ਬਾਪਲੇ ਵਾਲੇ ਜਿਉਂ ਕੁੱਝ , ਗੀਤਾਂ ਵਿੱਚ ਹਾਸਾ ਪਾਉਂਦੇ । ਵਿਰਕ ਜਿਉਂ ਪਿਆਰ 'ਚ, ਮਿਠਾਸ ਤੋਲਾ ਮਾਸਾ ਪਾਉਂਦੇ । ਸ਼ਬਦਾਂ 'ਚ ਧੂਮ ਤੇ ਧੜਾਮ ਹੋਈ ਜਾਂਦੀ ਐ । ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
ਗਿੱਲਾਂ ਦੇ ,ਤਿਵਾੜੀਆਂ ਦੇ ,ਢਿੱਲੋਂਆਂ ਦੇ ਗੀਤ ਸੁਣੋ । ਗੀਤਾਂ ਵਿੱਚ ਵਿਸ਼ਾ ਕੋਈ , ਸੇਧ ਦੇਣ ਵਾਲਾ ਚੁਣੋ । ਕਾਹਲੀ ਉਂਝ ਲੈਣ ਨੂੰ , ਇਨਾਮ ਹੋਈਂ ਜਾਂਦੀ ਐ । ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
ਲੈ ਲੈਂਦੇ ਗਿਆਨ ਥੋੜਾ , ਬਾਬੇ ਗੁਰਦਾਸ ਤੋਂ । ਮਾਂ ਬੋਲੀ ਬਚ ਜਾਂਦੀ , ਕੀਤੇ ਸੱਤਿਆਨਾਸ ਤੋਂ । ਕਲਮ ਤੁਹਾਡੀ , ਬੇ ਲਗ਼ਾਮ ਹੋਈਂ ਜਾਂਦੀ ਐ । ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
ਜੱਟ ਮਸਾਂ ਛੱਡਿਆ ਸੀ , ਫੜ ਲਿਆ ਮੋਬਾਇਲ ਹੁਣ । ਆਸ਼ਕੀ ਦੇ ਨਵੇਂ ਹੀ , ਸਿਖ਼ਾਉਨੇ ਓ ਸਟਾਇਲ ਹੁਣ । ਗੋਲ ਗੱਪੇ ਖਾਓ , ਤੇਲੂ ਰਾਮ ਹੋਈਂ ਜਾਂਦੀ ਐ । ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
ਮਾੜਾ ਚਮਕੀਲਾ ਐਵੇਂ , ਕਈਆਂ ਤੋਂ ਕਹਾ ਗਿਆ । ਚੌਗੁਣਾ ਨਿਘਾਰ ਹੁਣ , ਕਲਮਾਂ 'ਚ ਆ ਗਿਆ । ਦਿਨੋ ਦਿਨ ਅਸਲੋਂ , ਨਾਕਾਮ ਹੋਈ ਜਾਂਦੀ ਐ । ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
ਧੀਆਂ ਦੇ ਚਿੱਤਰ ਹਾੜਾ , ਐਦਾਂ ਨਾ ਚਿਤਾਰੋ ਤੁਸੀਂ । ਸਾਰੀਆਂ ਨੂੰ ਕਹੋਂ ਹੀਰਾਂ , ਕੁੱਝ ਤਾਂ ਵਿਚਾਰੋ ਤੁਸੀਂ । ਵਿਗਾੜਤਾ ਸਮਾਜ , ਗੱਲ ਨਾਮ ਹੋਈਂ ਜਾਂਦੀ ਐ । ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
ਲਿਖਣਾ ਹੈ ਲਿਖੋ ਕੁੱਝ , ਬਾਬੂ ਸਿੰਘ ਮਾਨ ਜਿਹਾ । ਹਲਕਾ ਹੀ ਲਿਖਣੈ ,ਤਾਂ ਲਿਖ ਲਓ " ਘੁਮਾਣ " ਜਿਹਾ । ਐਵੇਂ ਧੂਰੀ , ਦਿੜ੍ਹਬਾ , ਸੁਨਾਮ ਹੋਈਂ ਜਾਂਦੀ ਐ । ਗੀਤਕਾਰੋ ! ਗੀਤਕਾਰੀ ਬਦਨਾਮ ਹੋਈਂ ਜਾਂਦੀ ਐ ॥
ਲੇਖਕ ....ਜਰਨੈਲ ਘੁਮਾਣ
|
|
22 Sep 2010
|