ਲਫਜ਼ਾਂ ਦੀ ਹੱਡ-ਬੀਤੀ , ਸੁੰਨ ਅੱਖ ਦੀ ਕਹਾਣੀ
ਇਕ ਗੀਤ ਬਹੁਤ ਰੋਇਆ ਸੁਣ ਪੀੜ ਦੀ ਜ਼ੁਬਾਨੀ
ਇਹ ਮੇਘ-ਰਾਗੀ ਵਰਨਣ,ਕਣੀਆਂ ਦਾ ਛੱਜਿਆਂ ਤੇ
ਕੋਈ ਸੁਰ ਅਲਾਪਦਾ ਹੈ, ਕਲਮਾਂ ਦੀ ਅੱਖ ਦਾ ਪਾਣੀ
ਕੋਈ ਲੋਕ-ਰਾਜ,ਸਾਮ ਯਾ,ਹੋਵੇ ਸਾਮੰਤ-ਸ਼ਾਹੀ
ਹੈ ਇਨਕਲਾਬ ਦੀ ਜੜ,ਦੌਲਤ ਦੀ ਵੰਡ ਕਾਣੀ
ਮਾਂ, ਭੈਣ ,ਬੇਟੀ ਖੁਦ ਦੀ,ਪਤ ਦਾ ਸਵਾਲ ਬਣਦੀ
ਅੱਖ -ਹਵਸ ਦੀ ਗਜ਼ਾ ਹੈ,ਗੈਰਾਂ ਦੀ ਧੀ-ਧਿਆਣੀ
ਕਿਸ ਕੰਮ ਦੀ ਹੈ ਭਗਤੀ,ਅੰਦਰ ਨਾ ਜੇ ਸੰਵਰਿਆ
ਇਕ ਢੋਂਗ ਇਸ਼ਤਿਹਾਰੀ,ਬਾਣਾ,ਨਹੀਂ ਜੇ ਬਾਣੀ
ਨਵੀਆਂ ਹਵਾਵਾਂ ਚਲੀਆਂ,ਹੈ ਆਧੁਨਿਕਤਾ ਜਗ ਤੇ
ਰਿਸ਼ਤੇ ਪੁਰਾਣੇ ਹੋ ਗਏ,ਤਹਜ਼ੀਬ ਵੀ ਪੁਰਾਣੀ
ਰੰਗਾਂ ਦੀ ਤਹਿ ,ਚ ਉਠਦਾ, ਧਨੀਆਂ ਦਾ ਨਿਤ ਬੁਢੇਪਾ
ਥੋੜਾਂ ਦੇ ਪਾਣੀ ਖੁਰ ਗਈ,ਮਜ਼ਦੂਰ ਦੀ ਜਵਾਨੀ
ਹੈ ਤੰਦ ਤੰਦ ਰਿਸ਼ਤੇ,ਲੋੜਾਂ ਦੇ ਸਮਾਜਾਂ ਵਿਚ
ਜੀਵਨ ਦੀ ਖੱਡੀ ਉਲਝੀ,ਇਹ ਰਿਸ਼ਤਿਆਂ ਦੀ ਤਾਣੀ