ਹਨੇਰਾ ਕਿੰਨਾ ਗਹਿਰਾ ਹੈ, ਨਹੀਂ ਇਹ ਲੋੜ ਜਾਨਣ ਦੀ
ਕਿਸੇ ਮੱਥੇ ਨੇ ਸਾਂਭੀ ਹੈ 'ਜੇ ਇਕ ਵੀ ਕਿਰਨ ਚਾਨਣ ਦੀ
ਨਾ ਧਰਤੀ ਦੀ ਖ਼ਬਰ ਕੋਈ ,ਨਾ ਕੋਈ ਫ਼ਿਕਰ ਅੰਬਰ ਦਾ,
ਅਜੇ ਤਾਂ ਸਿਰਫ ਕੋਸ਼ਿਸ਼ ਕਰ ਰਿਹਾਂ ਮੈਂ ਖ਼ੁਦ ਨੂੰ ਜਾਨਣ ਦੀ
ਅਜੇ ਤੱਕ ਤੁਰ ਨਹੀਂ ਸਕਿਆ ਮੈਂ ਇਸਦਾ ਹਮਸਫ਼ਰ ਹੋ ਕੇ ,
ਮਿਲੀ ਫ਼ੁਰਸਤ ਨਾ ਹੁਣ ਤੱਕ ਜ਼ਿੰਦਗੀ ਦਾ ਹੁਸਨ ਮਾਨਣ ਦੀ
ਸਮੇਂ ਨੇ ਨਕਸ਼ ਹਰ ਇਕ ਉਸਦੇ ਚਿਹਰੇ ਦਾ ਬਦਲ਼ ਦਿੱਤਾ,
ਕਿਸੇ ਸ਼ੀਸ਼ੇ ਚ਼ ਹਿੰਮਤ ਨਾ ਰਹੀ ਉਸਨੂੰ ਪਛਾਨਣ ਦੀ
ਮੈਂ ਦੁਨੀਆਂ ਵਾਸਤੇ ਜੀਉਂਦਾ ਰਿਹਾ ਮਰਦਾ ਰਿਹਾ ਲੇਕਿਨ,
ਅਧੂਰੀ ਰਹਿ ਗਈ ਹਰ ਤਾਂਘ ਮੇਰੀ ਅਪਣੀ ਹਾਨਣ ਦੀ
ਵਥੇਰੇ ਤਾਜ ਕਿੰਨੇ ਤਖ਼ਤ ਮੇਰੇ ਵਾਸਤੇ ਸਨ' ਪਰ,
ਮੇਰੀ ਆਦਤ ਹੀ ਸੀ ਤੇਰੀ ਗਲ਼ੀ ਦੀ ਰੇਤ ਛਾਨਣ ਦੀ