ਕਾਲੇ ਲੇਖਾਂ ਦੀ ਲਿੱਪੀ ਲਿਖਿਆ ਹਾਂ
ਮੈਂ ਹਨੇਰੇ ਪਲਾਂ ਦੀ ਵਿਥਿਆ ਹਾਂ
ਪਰਛਾਈ ਹਕ਼ੀਕ਼ਤਾਂ ਦੀ ਹੀ ਮੈਂ
ਸੋਨ-ਸਪਨੇ ਦੀ ਕੋਈ ਮਿਥਿਆ ਹਾਂ
ਸ਼ੈ ਹਾਂ ਮੈਂ ਕਿਸਮਤਾਂ ਦੀ ਮੰਡੀ ਵਿਚ
ਮੈਂ ਹਰ ਇਕ ਮਰਹਲੇ ਤੇ ਵਿਕਿਆ ਹਾਂ
ਝੱਗ ਕਿਸੀ ਖਾਬ ਦੀ ਜੁਗਾਲੀ ਦੀ
ਪੀੜ ਦਾੜ੍ਹਾਂ ਦੇ ਹੇਠ ਚਿਥਿਆ ਹਾਂ
ਪਰ ਤੇਰੀ ਯਾਦ ਸੀ ਕਿਵੇਂ ਜਾਂਦੀ
ਮੇਟਦਾ ਇਸ ਨੂੰ ਖੁਦ ਹੀ ਮਿਟਿਆ ਹਾਂ
ਗਮ ਹੀ ਮੈਨੂੰ ਤਾਂ ਰਾਸ ਆਉਂਦਾ ਹੈ
ਜਾਂਦਾ ਸੁੱਖਾਂ ਦੇ ਨਾਲ ਭਿਟਿਆ ਹਾਂ
ਦਿਲ ਹਾਂ ਮੈਂ ਲੋਥੜਾ ਧੜਕਦਾ ਇਕ
ਦੁਖ ਦੇ ਕੰਡੇ ਦੀ ਨੋਕ ਟਿਕਿਆ ਹਾਂ
ਮੈਂ ਉਹ ਸੂਰਜ ਜੋ ਕਲ ਸੀ ਬੀਤ ਗਿਆ
ਪਛਮਾਂ ਤੋਂ ਪਰਾਂ ਮੈਂ ਛਿਪਿਆ ਹਾਂ
ਸਾਹਮਣੇ ਹੀ ਵਿਚਰਦਾ ਹਾਂ ਸਭ ਦੇ
ਪਰ ਕਦੋਂ ਮੈਂ ਕਿਸੇ ਨੂੰ ਦਿਸਿਆ ਹਾਂ
ਮੈਨੂੰ ਜਿੱਤਣੇ ਦੀ ਪਰ ਨਾ ਜਾਚ ਆਈ
ਮੈਂ ਸਦਾ ਹਾਰਨਾ ਹੀ ਸਿਖਿਆ ਹਾਂ
ਟਸ ਟਸ ਚੀਸਦਾ ਜੋ ਦਿਲ ਉੱਤੇ
ਦੁਖ ਦਾ ਫੋੜਾ ਹੁਣੇ ਹੀ ਫਿੱਸਿਆ ਹਾਂ
ਨਿੱਤ ਮੇਰੀ ਹੀ ਹੋਂਦ ਬੌਣੀ ਹੁੰਦੀ
ਗਮ ਦੀ ਰੇਤੀ ਦੇ ਨਾਲ ਘਿਸਿਆ ਹਾਂ
ਘੁਣ ਹਾਂ ਨਾਂਚੀਜ਼ ਇਕ ਗਰੀਬੜੀ ਹੋਂਦ
ਜ਼ੋਮ ਆਟੇ ਦਾ ਨਾਲ ਪੀਸਿਆ ਹਾਂ
---csmann-032212--