ਭਰਮ ਚਕੋਰੀ ਕਰਜ਼ ਉਤਾਰਨ ਆਇਆ ਸੀ
ਚੰਨ ਤਾਂ ਐਪਰ ਰਾਤ ਗੁਜ਼ਾਰਨ ਆਇਆ ਸੀ
ਕਿਸ ਨੂੰ ਬਿੜਕ ਸੀ ਭਖ ਬਲਦੇ ਅਰਮਾਨਾਂ ਦੀ
ਖੁਦ ਆਪਣਾ ਹੀ ਸੀਨਾ ਠਾਰਨ ਆਇਆ ਸੀ
ਜਿਸ ਲਈ ਰੂਹ ਨੇ ਤੰਦ ਉਣੇ ਸੀ ਉਮਰਾਂ ਦੇ
ਦੋ ਪਲ ਨਿੱਘਾ ਪਿੰਡਾ ਖਾਰਨ ਆਇਆ ਸੀ
ਕੌਣ ਹੈ ਰਿਸ਼ਤੇ ਲਭਦਾ ਭੀੜੀਆਂ ਗਲੀਆਂ ਦੇ
ਨਾ ਮਿਲਦੇ ਦਾ ਬੁੱਤਾ ਸਾਰਨ ਆਇਆ ਸੀ
ਭਾਗ ਨਾ ਲਾਏ ਐਂਵੇਂ ਨੌਕਰ-ਝੁੱਗੀਆਂ ਨੂੰ
ਮਾਲਿਕ ਸੀ ਕੋਈ ਹੁਕਮ ਉਚਾਰਨ ਆਇਆ ਸੀ
ਕੱਲ ਦਾ ਰਜਵਾੜਾ ਅੱਜ ਜੰਨਤਾ ਦਾ ਸੇਵਕ
ਭੇਸ ਬਦਲ ਕੇ ਫੇਰ ਵਗਾਰਨ ਆਇਆ ਸੀ
ਮੰਦਿਰ ਤਹਿ ਵਿਚ ਚਲਦੇ ਵਣਜ ਸਰੀਰਾਂ ਦੇ
ਆਪੇ ਡੁੱਬਾ ਸੰਗਤ ਤਾਰਨ ਆਇਆ ਸੀ
ਵੇਖਣ ਲਈ ਹੀ ਕਾਰੀਗਰ ਦੇ ਕਰਜ ਲਈ
ਮਤਲਬ ਦਾ ਆਪਣੇ ਕੋਈ ਕਰਨ ਆਇਆ ਸੀ
ਗਲੀ ਗਲੀ ਵਿਚ ਹੱਟੀਆਂ , ਹਾਤੇ ਖੋਲ ਗਿਆ
ਜੋ ਪਿੰਡਾਂ ਦੀ 'ਦਸ਼ਾ' ਸੁਧਾਰਨ ਆਇਆ ਸੀ
ਰੱਬ ਦਾ ਲੇਬਲ ਲਾਕੇ ਸਭ ਕੁਛ ਵਿਕ ਜਾਂਦਾ
ਆਪਣੇ ਧੰਧੇ ਨੂੰ ਪ੍ਰਸਾਰਣ ਆਇਆ ਸੀ
ਆਪੋ-ਧਾਪੀ ਆਪਣੇ ਆਪਣੇ ਜੀਣੇ ਦੀ
ਭੁੱਲ ਸਭ ਉਸਨੂੰ ਜੋ ਜਿੰਦ ਵਾਰਨ ਆਇਆ ਸੀ
ਮੁੜ ਕੇ ਹੋਈਆ ਰਾਜ-ਭਾਗ ਓਹਨੀਂ ਹੱਥੀਂ
ਦੇਰ ਹੋਈ ਕੋਈ ਦੁਸ਼ਟ-ਸੰਘਾਰਨ ਆਇਆ ਸੀ
ਨਾਅਰੇ ਦੀ ਜਾ ਹੈ ਸਭ ਭੇਡ ਚਾਲ ਜਾ ਨੋਟਾਂ ਦੀ
ਜਨਤਾ ਨੂੰ ਫਿਰ ਹੱਥੀਂ ਚਾਰਨ ਆਇਆ ਸੀ
ਮੁੱਠ ਕੁ ਕੰਡੇ ਝੋਲੀ ਦੇ ਵਿਚ ਛਿਟਕ ਗਿਆ
ਦੁਖਿਆਰੀ ਨੂੰ ਮੁੜ ਦੁਖਿਆਰਨ ਆਇਆ ਸੀ