ਨਹੀਂ ਆਣਾ ਤਾਂ ਕਹ ਦੇਵੀਂ ਗਲਤ ਇਕਰਾਰ ਨਾ ਕਰਨਾ
ਖੁਦਾ ਦਾ ਵਾਸਤਾ ਏਦਾਂ ਦਾ ਸ਼ਿਸ਼ਟਾਚਾਰ ਨਾ ਕਰਨਾ
ਜਦੋਂ ਪੱਕ ਜਾਏਗਾ ਆਪੇ ਹੀ ਤੇਰੀ ਝੋਲੀ ਭਰ ਦੇਊ
ਬਿਰਖ ਨੂੰ ਕੱਚੀਆਂ ਅੰਬੀਆਂ ਲਈ ਸੰਗਸਾਰ ਨਾ ਕਰਨਾ
ਤੇਰੀ ਹੀ ਯਾਦ ਦੇ ਦਿਸ-ਹਦਿਆਂ ਤੇ ਦਿਨ ਉਦੇ ਹੋਵੇ
ਹਨੇਰੇ ਦਾ ਪਸਾਰਾ ਇਕ ਤੇਰਾ ਦੀਦਾਰ ਨਾ ਕਰਨਾ
ਹੈ ਘਰ ਦੇ ਵਾਂਗ ਹੀ ਦਿਲ ਦਾ ਵੀ ਦਰਵਾਜ਼ਾ ਖੁੱਲਾ ਰਖਿਆ
ਜੇ ਯਾਰੀ, ਆ ਸਮਝ ਹਕ਼ ,ਫੇਰ ਸ਼ਿਸ਼ਟਾਚਾਰ ਨਾ ਕਰਨਾ
ਮਸੀਹਾਈ ਨਹੀਂ ਤੇਥੋਂ ਸਿਰਫ ਦੀਦਾਰ ਦੀ ਹਾਜਤ
ਤੂੰ ਆ ਕੇ ਹਾਲ ਤਾਂ ਪੁਛ ਜਾ ,ਨਹੀਂ ਉਪਚਾਰ ਨਾ ਕਰਨਾ
ਐ ਰਹਬਰ ਦੇਸ਼ ਦੀ ਪੂੰਜੀ ਦੀ ਕਾਣੀ ਵੰਡ ਦਾ ਕੁਝ ਕਰ
ਕੋਈ ਨਿਸਬਤ ਤਾਂ ਹੋਵੇ ,ਜੇ ਨਹੀਂ ਇਕਸਾਰ ਨਾ ਕਰਨਾ