ਗ਼ਜ਼ਲ
ਕਾਕਾ ਗਿੱਲ
ਅੱਖਾਂ ਮੀਟਕੇ ਅਸੀਂ ਤਾਂ ਪਿਆਰ ਲਿਆ ਸਹੇੜ।
ਹੌਲੀ ਹੌਲੀ ਆ ਜਾਵਾਂਗੇ ਇੱਕ ਦੂਜੇ ਦੇ ਨੇੜ।
ਜਾਣ ਪਛਾਣ ਥੋੜੀ ਪਹਿਲਾਂ ਨਾਲੋਂ ਵਧੇਰੇ ਹੋਈ
ਸਮਾਂ ਪੈਕੇ ਆਕਰਸ਼ਣ ਵਧਕੇ ਹੋ ਗਿਆ ਘਨੇੜ।
ਵੱਖ ਜਿਹੜੇ ਕਰਨ ਨੂੰ ਫਿਰਦੇ ਸੀ ਤੁਫਾਨ
ਯਾਰਾਂ ਦੀ ਸ਼ਰਣ ਦੇ ਹੱਥੋਂ ਖਾ ਬੈਠੇ ਚਪੇੜ।
ਕੱਪੜੇ ਦੇ ਦੋ ਪਟਾਂ ਵਾਂਗਰ ਸਿਉਂਤੇ ਗਏ ਹਾਂ
ਦਿਲਾਂ ਤੇ ਵੱਜੀਆਂ ਸਿਉਣਾਂ ਕੌਣ ਸਕੇਗਾ ਉਧੇੜ।
ਡਰ ਕਾਹਦਾ ਰਿਹਾ ਮੁਹੱਬਤ ਕਰਨ ਵਾਲਿਆਂ ਨੂੰ
ਰਹਾਂਗੇ ਚੱਲਦੇ ਚਾਹੇ ਬਦਨਾਮੀਂ ਕੱਪੜੇ ਜਾਏ ਲਿਬੇੜ।
ਹੱਥਾਂ ਦੀਆਂ ਪਾਕੇ ਕਲੰਗੜੀਆਂ ਜ਼ਿੰਦਗੀ ਹੈ ਬਿਤਾਉਣੀ
ਮਜ਼ਬੂਤ ਇਰਾਦਿਆਂ ਨਾਲ ਸੌਹਾਂ ਦੇ ਖ਼ੂਹ ਦੇਵਾਂਗੇ ਗੇੜ।
ਪੈਣਗੀਆਂ ਵਿੱਥਾਂ ਸਬੰਧ ਵਿੱਚ ਸਮੇਂ ਸਮੇਂ ਦੇ ਨਾਲ,
ਯਕੀਨ ਦੇ ਚੂਨੇ ਨਾਲ ਭਰ ਦੇਵਾਂਗੇ ਹਰਿੱਕ ਤਰੇੜ।