ਘੁੰਢ ਘੱਗਰੇ ਫੁਲਕਾਰੀ
ਉੱਡ ਗਏ ਦੁਨੀਆਂ ਤੋਂ,
ਗਜ ਗਜ ਲੰਮੀਆਂ ਮੀਡੀਆਂ ਗਈਆਂ
ਗਈ ਸੁਰਮੇ ਦੀ ਧਾਰੀ,
ਉੱਡ ਗਏ ਦੁਨੀਆਂ ਤੋਂ
ਘੁੰਢ ਘੱਗਰੇ ਫੁਲਕਾਰੀ.......
ਸੋਹਾਂ ਤੋਂ ਇਤਬਾਰ ਉੱਠ ਗਏ,
ਯਾਰਾ ਉੱਤੋਂ ਮਾਣ ਟੁੱਟ ਗਏ,
ਮਤਲਬ ਦੀ ਹੀ ਹੋ ਕੇ ਰਹਿ ਗਈ
ਬਸ ਅੱਜ ਕਲ ਦੀ ਯਾਰੀ,
ਉੱਡ ਗਏ ਦੁਨੀਆਂ ਤੋਂ
ਘੁੰਢ ਘੱਗਰੇ ਫੁਲਕਾਰੀ.......
ਕੁੜੀਆਂ ਤਿ੍ਝੰਣੀ ਕੱਤਣਾ ਭੁੱਲੀਆਂ
ਵਿੱਚ ਤੀਆਂ ਦੇ ਨੱਚਣਾ ਭੁੱਲੀਆਂ,
ਪੀਂਘ ਝੂਟਣ ਦਾ ਚਾਅ ਰੱਬ ਜਾਣੇ
ਲਾ ਗਿਆ ਕਿਧਰ ਉਡਾਰੀ,
ਉੱਡ ਗਏ ਦੁਨੀਆਂ ਤੋਂ
ਘੁੰਢ ਘੱਗਰੇ ਫੁਲਕਾਰੀ.......
ਸੁਹਾਗ ਘੋੜੀਆਂ ਸੁਪਨਾ ਹੋਈਆਂ,
ਸ਼ਗਨ ਮਨਾਉਦੀਆਂ ਦਿਸਣ ਨਾ ਮੋਈਆਂ,
ਦੌੜ ਸਮੇਂ ਦੀ ਵਿੱਚ ਗੁਆਚੀ
ਵਿਆਹ ਦੀ ਰੋਣਕ ਭਾਰੀ,
ਉੱਡ ਗਏ ਦੁਨੀਆਂ ਤੋਂ
ਘੁੰਢ ਘੱਗਰੇ ਫੁਲਕਾਰੀ.......
ਬੁੱਲੇ ਸ਼ਾਹ ਦੀਆਂ ਕਾਫੀਆਂ ਗਈਆਂ,
ਖੂਹ ਤੇ ਪਾਣੀ ਭਰਨੋਂ ਗਈਆਂ,
ਨਾ ਹਾਰਿਆਂ ਤੇ ਆਪ ਤੋਂ ਸੋਹਣੀ
ਪਾਏ ਕੋਈ ਵੇਲ ਕੁਆਰੀ,
ਉੱਡ ਗਏ ਦੁਨੀਆਂ ਤੋਂ
ਘੁੰਢ ਘੱਗਰੇ ਫੁਲਕਾਰੀ.......
ਲੋਕ ਗੀਤਾਂ ਜਿਹੇ ਗੱਭਰੂ ਸੋਹਣੇ,
ਛਿੰਝਾਂ ਪਾਉਣੇ, ਢੋਲੇ ਲਾਉਣੇ,
ਬਣ ਕੇ ਰਹਿ ਗਏ ਪਰਛਾਵਾਂ
ਮਤ ਨਸ਼ਿਆ ਨੇ ਮਾਰੀ,,
ਉੱਡ ਗਏ ਦੁਨੀਆਂ ਤੋਂ
ਘੁੰਢ ਘੱਗਰੇ ਫੁਲਕਾਰੀ.......
ਉਡੰਤਰ ਪਾਕ ਮੁਹੱਬਤ ਹੋ ਗਈ,
ਰਹਿ ਗਈ ਵਫਾ ਕਿਤਾਬਾਂ ਜੋਗੀ,
ਨਾ ਕੋਈ ਚੀਰੇ ਪੱਟ ਤੇ ਨਾ ਕੋਈ
ਲਾਏ ਝਨਾਂ ਵਿੱਚ ਤਾਰੀ,
ਉੱਡ ਗਏ ਦੁਨੀਆਂ ਤੋਂ
ਘੁੰਢ ਘੱਗਰੇ ਫੁਲਕਾਰੀ.......
ਵਿੱਚ ਘਰਾਂ ਦੇ ਕੱਲੇ ਕੁੱਤੇ,
ਰਹਿ ਗਏ ਬਸ ਇਮਾਨ ਦੇ ਉੱਤੇ,
ਰੋਟੀ ਦੀ ਕੀਮਤ ਜੋ ਚੁਕਾਉਦੇਂ
ਰਾਤ ਭੋਂਕ ਕੇ ਸਾਰੀ,
ਉੱਡ ਗਏ ਦੁਨੀਆਂ ਤੋਂ
ਘੁੰਢ ਘੱਗਰੇ ਫੁਲਕਾਰੀ.......
ਰਲ ਕੇ ਬਹਿਣੇ ਲੋਕ ਰਹੇ ਨਾ,
ਹੁਣ ਮੇਲਿਆਂ ਦੇ ਸ਼ੋਂਕ ਰਹੇ ਨਾ,
ਘਰ ਘਰ ਮੱਚਦੀ ਲੋਹੜੀ
ਗੱਲ ਕੰਡਿਆਰੇ ਸੱਚ ਉਚਾਰੀ ,
ਉੱਡ ਗਏ ਦੁਨੀਆਂ ਤੋਂ
ਘੁੰਢ ਘੱਗਰੇ ਫੁਲਕਾਰੀ.......
ਉਸਤਾਦ ਦੀਪ ਕੰਡਿਆਰਾ