ਮੈਂ ਕੋਈ ਖੜੇ ਪਾਣੀਆਂ ਦੀ ਹਵਕ ਨਹੀਂ
ਮੈਂ ਤਾਂ ਸ਼ੁਕਦੀਆਂ
ਹਵਾਵਾਂ ਦਾ ਇਤਿਹਾਸ ਹਾਂ
ਸਾਡਿਆਂ ਮੌਰਾਂ ਤੇ ਖੁਣੇ
ਮਾਰੂਥਲ ਦੇ ਸਫ਼ਰ ਦੇ ਖੁਰ
ਕਦ ਉਸ ਸੀਤਲ ਜਲਧਾਰਾ 'ਚ
ਪ੍ਰਵੇਸ਼ ਕਰਨਗੇ |
ਜਿੱਥੇ ਤਪਦੇ ਮਨਾਂ ਨੂੰ
ਰੁਮਕਦੀਆਂ ਪੌਣਾਂ ਦੀ ਝੌਲ ਮਿਲੇਗੀ |
ਮੈਂ ਤਾਂ ਉਹਨਾਂ ਪੈਰ ਚਾਪਾਂ ਦਾ ਇਤਿਹਾਸ ਹਾਂ
ਜੋ ਸੁਪਨਿਆਂ ਦੇ ਸਿਖਰ ਤੇ
ਪਹੁੰਚਾ ਲੋਚਦੀ ਹਾਂ |
ਮੈਂ ਤਾਂ ਮੁਸਾਫ਼ਰ ਹਾਂ
ਉਹਨਾਂ ਵਾਵਰੀਆਂ ਪੌਣਾਂ ਦੇ ਨਗਰ ਦਾ
ਜਿਹੜੀਆਂ ਸਾਡੀ ਸੋਚ ਨੂੰ ਕਿਸੇ ਕੋਮਲ ਜਜ਼ਬੇ ਸੰਗ
ਨਹੀਂ ਸਗੋਂ ਮੋਹ ਦੇ ਸਖਣੇ ਪਲਾਂ ਸੰਗ ਟਕਰਾ ਟਕਰਾ ਕੇ ਸੋਚ ਵਿਹੂਣੇ
ਕਰਦੀਆਂ ਨੇ |
ਮੈਂ ਤਾਂ ਮੁਸਾਫ਼ਰ ਹਾਂ ਮਾਰੂਥਲ ਦੀ,
ਤੇ ਖੋਜੀ ਹਾਂ ਮਾਰੂਥਲ 'ਚ ਗੁਆਚੀਆਂ ਉਨਾਂ ਪੈੜਾਂ ਦੀ,
ਜਿਹੜੀਆਂ ਸੁਰਮਈ ਸੁਪਨਿਆਂ ਦੀਆਂ,
ਮੰਜ਼ਿਲਾਂ ਦੀ ਭਾਲ 'ਚ ਵਕਤ ਦੇ ਤੀਰਾਂ ਦਾ ਸ਼ਿਕਾਰ ਹੋਈਆਂ |
ਮੈਂ ਤਾਂ ਸੱਸੀ ਦੀ ਉਹ ਚਾਹਤ ਹਾਂ
ਜੋ ਦਮ ਤਾਂ ਤੋੜ ਸਰਦੀ ਹੈ ਪਰ
ਈਮਾਨ ਨਹੀਂ |
ਮੈਂ ਤਾਂ ਉਨਾਂ ਰੁਮਕਦੀਆਂ ਪੌਣਾਂ ਦਾ ਸੰਦੇਸ਼ ਹਾਂ
ਜੋ ਸਾਡੇ ਕਰਮਾਂ ਦੀਆਂ ਭਾਗੀ ਨਹੀਂ
ਸਗੋਂ ਸਾਡੇ ਸੁਪਨਿਆਂ ਦਾ ਸ਼ਿੰਗਾਰ ਬਣੀਆਂ ਨੈ
ਮੈਂ ਕੋਈ ਖੜੇ ਪਾਣੀਆਂ ਦੀ ਹਵਕ ਨਹੀਂ
ਮੈਂ ਤਾਂ ਸ਼ੁਕਦੀਆਂ
ਹਵਾਵਾਂ ਦਾ ਇਤਿਹਾਸ ਹਾਂ
ਸਾਥਣ ਹਾਂ ਰੁਮਕਦੀਆਂ ਪੌਣਾਂ ਦੀ
+++++ਇਹ ਕਵਿਤਾ ਉਨਾਂ ਬੱਚਿਆਂ ਲਈ ਲਿਖੀ ਗਈ ਹੈ ਜੋ ਗਰੀਬ ਜੀਵਨ ਬਤੀਤ ਕਰ ਰਹੇ ਨੇ,
ਪਰ ਫਿਰ ਵੀ ਉਨਾਂ ਦੇ ਮਨ ਵਿੱਚ ਚਾਹਤ ਹੈ ਅਰਮਾਨ ਹੈ ਕੁੱਝ ਕਰ ਵਿਖਾਉਣ ਦੀ,ਕੁੱਝ ਬਣ ਵਿਖਾਉਣ ਦੀ+++++++++++