ਦੋਸਤੋ ਆਪਣੀ ਪੁਰਾਣੀ ਕਵਿਤਾ ਦੁਬਾਰਾ ਸਾਂਝੀ ਕਰ ਰਿਹਾ ਹਾਂ ਜੋ ਕਿ ਸਾਵਣ ਦੇ ਮਹੀਨੇ ਨਾਲ ਕੰਮੀਆਂ ਦੀ ਕੁੜੀ ਦਾ ਸੰਵਾਦ ਹੈ । ਆਸ ਹੈ ਕਿ ਪੜਨ 'ਚ ਫਿਰ ਚੰਗੀ ਲੱਗੇਗੀ...।
ਸਾਵਣ ਨਾਲ ਸੰਵਾਦ......
ਸਾਵਣ ਦਾ ਕੀ ਐ
ਇਹ ਤਾਂ ਹਰ ਵਰੇ ਹੀ ਆ ਜਾਂਦਾ ਹੈ
ਤੁਹਾਡੀਆਂ ਅਧੂਰੀਆਂ ਜਵਾਨ ਰੀਝਾਂ
ਤੇ ਅੱਲੜ ਉਮੰਗਾਂ ਦੀ ਪੂਰਤੀ ਲਈ
ਖੂਬਸੂਰਤ ਬਰਸਾਤਾਂ ਲੈ ਕੇ....
ਇੰਜ ਹਰ ਸਾਲ ਕਰਕੇ ਸਲਾਬੀਆਂ
ਸਾਡੀਆਂ ਕੱਚੀਆਂ ਰੀਝਾਂ ਤੇ ਭੁਰਭੁਰੀਆਂ ਉਮੰਗਾਂ
ਕਰ ਜਾਂਦਾ ਹੈ ਅਕਸਰ ਹੀ ਕਰੰਡ
ਸਾਡੇ ਖਾਬਾਂ ਦੀ ਫਸਲ ਨੂੰ
ਇਹ ਸਿੱਲੀਆਂ ਬਰਸਾਤਾਂ ਵਾਲਾ ਸਾਵਣ..
ਸਾਵਣੀ ਬਰਸਾਤਾਂ ਸਮੇਂ ਬੇਸ਼ੱਕ
ਤੁਹਾਡੇ ਘਰਾਂ ਦੀਆਂ ਪੱਕੀਆਂ ਕੰਧੋਲੀਆਂ ਨਾਲ
ਉੱਘੇ ਸੂਹੇ ਗੁਲਾਬਾਂ ਉੱਪਰ
ਮੰਡਰਾਉਂਦੀਆਂ ਨੇ ਰੰਗ-ਬਰੰਗੀਆਂ ਤਿਤਲੀਆਂ
ਤੇ ਡਿੱਗਦਾ ਹੈ ਸੰਗੀਤਕ ਲੈਅ ਵਿੱਚ
ਪੱਕਿਆਂ ਕੋਠਿਆਂ ਤੋਂ ਪਾਣੀ
ਪਰ ਅਜਿਹੇ ਸਮੇਂ ਅਕਸਰ ਹੀ ਦਹਿਲ ਜਾਂਦੀ ਹੈ
ਸਾਡੇ ਘਰ ਦੀ ਕੱਚੀ ਛੱਤ
ਜਿਸਦੇ ਚਿਉਂਦੇ ਹੋਏ ਘੁਣ ਖਾਧੇ ਸ਼ਤੀਰ
ਵਹਾ ਕੇ ਹੰਝੂ ਆਪਣੀ ਕਮਜ਼ੋਰੀ 'ਤੇ
ਕਰਦੇ ਨੇ ਪਰਗਟਾਵਾ ਆਪਣੀ ਬੇਵਸੀ ਦਾ..
ਬਰਸਾਤਾਂ ਪਿੱਛੋਂ ਤੁਹਾਡੇ ਹਿੱਸੇ ਦੇ ਅੰਬਰ 'ਤੇ ਹੀ
ਚੜਦੀ ਹੈ ਸਤਰੰਗੀ ਪੀਂਘ
ਤੇ ਖੂਬ ਪੈਲਾਂ ਪਾਉਂਦੇ ਨੇ
ਤੁਹਾਡੇ ਮਨ ਦੇ ਮੋਰ ਵੀ..
ਪਰ ਸਾਡੇ ਹਿੱਸੇ ਦੇ ਅੰਬਰ 'ਤੇ ਤਾਂ
ਸਦਾ ਹੀ ਲਿਪਟੀ ਰਹਿੰਦੀ ਹੈ
ਕਾਲੇ ਬੱਦਲਾਂ ਦੀ ਅਮਰਵੇਲ
ਤੇ ਇਹ ਚੰਦਰੀ ਬਰਸਾਤ ਤੋੜ ਸਿੱਟਦੀ ਹੈ
ਸਾਡੀਆਂ ਕੱਚੀਆਂ ਕੰਧੋਲੀਆਂ ਉੱਪਰ
ਗੋਹੇ ਮਿੱਟੀ ਨਾਲ ਬਣਾਏ ਸਾਡੇ
ਪੈਲਾਂ ਪਾਉਂਦੇ ਹੋਏ ਮੋਰਾਂ ਦੇ ਖੰਭ...
ਅਜਿਹੇ ਸਿਰਫਿਰੇ ਮੌਸਮ ਵਿੱਚ
ਤੁਹਾਡੇ ਹੀ ਘਰ ਭਰਦੇ ਹੋਣਗੇ
ਵਿਭਿੰਨ ਪਕਵਾਨਾਂ ਤੇ ਖੀਰ-ਪੂੜਿਆਂ ਦੀ ਖੁਸ਼ਬੂ ਨਾਲ
ਤੇ ਮਿਲਦੇ ਹੋਣਗੇ ਸੰਧਾਰੇ ਵਜੋਂ
ਕੀਮਤੀ ਉਪਹਾਰ ਵੀ ਤੁਹਾਨੂੰ...
ਸਾਨੂੰ ਤਾਂ ਹਰ ਸਾਵਣ ਰੁੱਤੇ
ਵਰਦੀ ਹੋਈ ਅੱਗ ਖਾ ਕੇ ਹੀ
ਗੁਜ਼ਾਰਾ ਕਰਨਾ ਪੈਂਦਾ ਹੈ..
ਸਾਡੀਆਂ ਉਧਾਰੀਆਂ ਰੀਝਾਂ ਤੇ ਮਾਂਗਵੇਂ ਚਾਵਾਂ ਨੂੰ
ਕਦੇ ਵੀ ਨਹੀਂ ਮਿਲਿਆ ਖਾਬਾਂ ਦਾ ਸੰਧਾਰਾ...
ਤੁਹਾਡੇ ਹਿੱਸੇ ਹੀ ਆਉਂਦਾ ਹੈ
ਤੀਆਂ ਵਿੱਚ ਹਾਸਾ-ਠੱਠਾ ਕਰਨਾ,
ਤੁਹਾਡੀ ਹੀ ਕੋਈ ਅੱਥਰੀ ਰੀਝ ਹੋਵੇਗੀ
ਹਿੱਕ ਦੇ ਜ਼ੋਰ ਨਾਲ ਪੀਂਘ ਚੜਾ ਕੇ
ਪਿੱਪਲਾਂ ਬੋਹੜਾਂ ਦੇ ਪੱਤਿਆਂ ਨੂੰ ਛੂਹਣਾ..
ਪਰ ਘਰ ਦੀ ਛੱਤ ਡਿੱਗਣ ਦੇ ਡਰੋਂ
ਸਾਥੋਂ ਤਾਂ ਕਦੇ ਵੀ ਜ਼ੋਰ ਨਾਲ ਨਾ ਝੂਟੀ ਗਈ
ਘਰ ਦੀ ਸ਼ਤੀਰੀ ਨਾਲ ਪਾਈ ਹੋਈ
ਵਿਰਾਸਤੀ ਰੱਸੇ ਦੀ ਪੀਂਘ,
ਸਗੋਂ ਇਹ ਪੀਂਘ ਹਮੇਸ਼ਾ ਹੀ ਬਣਦੀ ਰਹੀ
ਦਾਜ ਨਾ ਦੇ ਸਕਣ ਕਾਰਨ
ਨਮੋਸ਼ ਹੋਏ ਸਾਡੇ ਬਾਪੂਆਂ ਲਈ ਫਾਂਸੀ ਦਾ ਰੱਸਾ..
ਤੇ ਉਸ ਪਿੱਛੋਂ ਤਾਂ
ਘਰੇ ਪਏ ਬਾਕੀ ਰੱਸਿਆਂ ਨੂੰ ਵੀ ਦੂਰ ਸਿੱਟ ਆਈਆਂ
ਸਾਡੀਆਂ ਮਜ਼ਬੂਰ ਮਾਂਵਾਂ...
ਤੁਹਾਡੇ ਹੀ ਮਹਿੰਦੀ ਰੰਗੇ ਹੱਥਾਂ 'ਤੇ
ਫੱਬਦੀਆਂ ਨੇ ਰੰਗ-ਬਰੰਗੀਆਂ ਵੰਗਾਂ
ਤੁਹਾਡੇ ਖਾਬਾਂ ਦੀ ਤਾਬੀਰ ਦੇ ਪਰਤੀਕ ਵਜੋਂ...
ਸਾਥੋਂ ਤਾਂ ਆਪਣੇ ਹੱਥਾਂ ਤੋਂ ਕਦੇ ਨਾ ਪੂੰਝਿਆ ਗਿਆ
ਸਰਦਾਰਾਂ ਦੇ ਡੰਗਰਾਂ ਦਾ ਗੋਹਾ,
ਤੇ ਵਰਿਆਂ ਪੁਰਾਣਾ ਘਸਮੈਲਾ ਜਿਹਾ ਲੋਹੇ ਦਾ ਕੜਾ
ਬਣਦਾ ਰਿਹਾ ਸਾਡੀ ਵੀਣੀ ਦਾ ਸ਼ਿੰਗਾਰ
ਤੇ ਸਾਡੇ ਚਾਵਾਂ ਦਾ ਸੁਹਜ਼ ਸ਼ਾਸ਼ਤਰ....
ਐ ਬੇਗਾਨੇ ਸਾਵਣ,
ਜੇਕਰ ਤੂੰ ਅਜੇ ਵੀ ਨਹੀਂ ਭੇਜਣਾ
ਸਾਡੇ ਲਈ ਸੰਧਾਰੇ ਜਿਹਾ ਕੁਝ
ਤੇ ਸਾਡੇ ਚਾਵਾਂ ਤੇ ਰੀਝਾਂ ਦੀ
ਬੰਜਰ ਹੋਈ ਜ਼ਮੀਨ ਨੂੰ
ਨਹੀਂ ਦੇ ਸਕਦਾ ਦੋ ਬੂੰਦ ਪਾਣੀ
ਤਾਂ ਫੇਰ ਅਸੀਂ ਵੀ ਤੇਰੀ ਆਮਦ 'ਤੇ
ਕਿਉਂ ਮਨਾਈਏ ਖੁਸ਼ੀਆਂ
ਤੇ ਤੈਨੂੰ ਜੀ ਆਇਆਂ ਕਹਿਣ ਲਈ
ਕਿਉਂ ਰਾਖਵੇਂ ਰੱਖੀਏ
ਆਪਣੇ ਰੁਝੇਵਿਆਂ ਭਰੇ ਕੁਝ ਦਿਨ
ਮਾਫ ਕਰੀਂ....
ਇਸ ਵਾਰ ਤੈਨੂੰ ਸੁੱਕਾ ਹੀ ਮੁੜਨਾ ਪਊ
ਕਿਉਂਕਿ ਅਜੇ ਤਾਂ ਵਿਅਸਤ ਹਾਂ ਅਸੀਂ
ਆਪਣੀ ਉਲਝੀ ਹੋਈ ਜ਼ਿੰਦਗੀ ਦੀ
ਤਾਣੀ ਨੂੰ ਸੁਲਝਾਉਣ ਵਿੱਚ
ਤੇ ਸਾਡੇ ਕੋਲ ਵਿਹਲ ਨਹੀਂ ਅਜੇ...
ਇਸ ਲਈ ਤੈਨੂੰ ਸੁੱਕਾ ਹੀ ਮੁੜਨਾ ਪੈਣੇ
ਇੱਕ ਬੇਰੰਗ ਖਤ ਵਾਂਗ...
- ਹਰਿੰਦਰ ਬਰਾੜ