ਬੋਲਦੀਆਂ ਅੱਖਾਂ ਵਾਲੀ ਖ਼ਾਮੋਸ਼ ਕੁੜੀ.....
ਉਸਨੂੰ ਸੰਗੀਤ ਚੰਗਾ ਲੱਗਦਾ ਹੈ-
ਮੈਂ ਜਦ ਵੀ ਉਸਨੂੰ ਵੇਖਿਆ
ਸੰਗੀਤ ਪਿੱਛੇ ਪਾਗਲ ਹੋਈ ਨੂੰ ਵਖਿਆ,
ਉਸ ਦਿਨ ਵੀ ਜਦ ਮੈਂ ਉਸਨੂੰ ਵਖਿਆ
ਉਹ ਦੂਰੋਂ ਹੀ ਇਸ਼ਾਰੇ ਨਾਲ ਮੈਨੂੰ
ਆਪਣੀਆਂ ਵੰਗਾਂ ਛਣਕਾ ਕੇ ਦਿਖਾ ਰਹੀ ਸੀ...
ਮੈਂ ਇਸ਼ਾਰੇ ਨਾਲ ਹੀ ਜਵਾਬ ਵਜੋਂ
"ਬਹੁਤ ਕਮਾਲ" ਕਿਹਾ
ਤਾਂ ਉਸਦੇ ਪਹਿਲਾਂ ਤੋਂ ਖਿੜੇ ਮੁਖੜੇ 'ਤੇ
ਹੋਰ ਖੇੜਾ ਆ ਗਿਆ ਸੀ....
ਉਹ ਸਮਝ ਗਈ ਸੀ ਇਸ਼ਾਰੇ ਨਾਲ ਕੀਤੀ ਪ੍ਰਸ਼ੰਸਾ
ਕਿਉਂਕਿ ਬੋਲਦੀਆਂ ਅੱਖਾਂ ਵਾਲੀ ਖ਼ਾਮੋਸ਼ ਕੁੜੀ ਨੂੰ
ਸੁਣਾਈ ਨਹੀਂ ਦਿੰਦਾ ਕੋਈ ਵੀ ਸ਼ੋਰ...।
ਉਂਜ ਭਾਂਵੇਂ ਉਹ ਹਰ ਰੋਜ਼ ਹੀ
ਝਾਂਜਰਾਂ ਪਾਉਂਦੀ ਵੀ ਹੈ ਤੇ ਛਣਕਾਉਂਦੀ ਵੀ..
ਪਰ ਸੁਣ ਨਹੀਂ ਸਕਦੀ ਉਹਨਾਂ ਦੀ ਛਣਕਾਰ,
ਤੇ ਇੰਜ ਹੀ ਮਹਿਸੂਸਦੀ ਹੈ ਉਹ
ਵੰਗਾਂ ਦੀ ਛਣਕਾਰ ਨੂੰ ਵੀ
ਪਰ ਮਾਣ ਨਹੀਂ ਸਕਦੀ ਵੰਗਾਂ ਦੀ ਛਣਕਾਰ
ਉਹ ਵੰਗ ਵਰਗੀ ਕੁੜੀ...
ਤਾਂ ਹੀ ਤਾਂ ਉਸਨੂੰ ਸੰਗੀਤ ਚੰਗਾ ਲੱਗਦਾ ਹੈ
ਭਾਂਵੇਂ ਹੋਰਨਾਂ ਨੂੰ ਬੇਰੰਗ ਜਾਪਦੀ ਹੈ ਉਸਦੀ ਜ਼ਿੰਦਗੀ
ਪਰ ਮੈਂ ਕਈ ਵਾਰੀ ਵੇਖਿਆ ਉਸਨੂੰ
ਆਪਣੇ ਦਿਲ ਦੀ ਕੈਨਵਸ 'ਤੇ
ਅੱਖਾਂ ਨਾਲ ਚਿਤਰਕਾਰੀ ਕਰਦੀ ਹੋਈ ਨੂੰ...।
ਉਸਨੂੰ ਰੰਗ ਵੀ ਚੰਗੇ ਲੱਗਦੇ ਨੇ
ਇੱਥੋਂ ਤੱਕ ਕਿ ਉਸਦੇ ਸਾਹ ਵੀ ਲਿਬੜੇ ਹੁੰਦੇ ਨੇ
ਵਿਭਿੰਨ ਪ੍ਰਕਾਰ ਦੇ ਰੰਗਾਂ ਨਾਲ.....।
ਭਾਂਵੇਂ ਕਿ ਉਸਦੇ ਬੋਲਾਂ 'ਚ ਨਹੀਂ ਹੈ
ਅਵਾਜ਼ਾਂ ਦਾ ਲੋੜੀਂਦਾ ਪ੍ਰਤੀਕਰਮ
ਪਰ ਉਸਦੇ ਹਾਸਿਆਂ 'ਚ
ਹਰ ਸਵਾਲ ਦਾ ਜਵਾਬ ਹੁੰਦਾ...।
ਭਾਂਵੇਂ ਕਦੇ ਨਹੀਂ ਹੋਈ
ਖ਼ੁਸ਼ੀਆਂ 'ਤੇ ਚਾਵਾਂ ਦੀ ਬਾਰਿੋਸ਼
ਉਸਦੇ ਮਨ ਦੇ ਰੇਗਿਸਤਾਨ 'ਤੇ,
ਪਰ ਉਹ ਫਿਰ ਵੀ ਲੈਂਦੀ ਹੈ
ਸਤਰੰਗੀ ਪੀਂਘ ਝੂਟਣ ਦੇ ਸੁਪਨੇ....
ਤੇ ਭਾਂਵੇਂ ਸੂਰਜ ਵੀ ਨਹੀਂ ਚੜਦਾ
ਉਸਦੀਆਂ ਆਸਾਂ ਦੇ ਅੰਬਰ 'ਤੇ
ਪਰ, ਚੰਨ ਜ਼ਰੂਰ ਪੁੱਛ ਕੇ ਛਿਪਦਾ
ਉਸ ਚਾਨਣੀ ਰਾਤ ਵਰਗੀ ਕੁੜੀ ਤੋਂ...।
ਜਿਸਦੀਆਂ ਅੱਖਾਂ ਅੱਗੇ
ਗੂੜ੍ਹੀ ਰਾਤ ਵੀ ਫਿੱਕੀ ਲੱਗਦੀ ਹੈ...।
ਉਹ ਬੋਲਦੀਆਂ ਅੱਖਾਂ ਵਾਲੀ ਖ਼ਾਮੋਸ਼ ਕੁੜੀ
ਖ਼ਾਮੋਸ਼ ਹੋਣ 'ਤੇ ਵੀ ਸਭ ਕੁਝ ਬੋਲਦੀ ਏ,
ਤੇ ਅਸੀਂ ਬਹੁਤਾ ਬੋਲਣ ਵਾਲੇ
ਸਭ ਦੇਖਦੇ ਵੀ ਖ਼ਾਮੋਸ਼ ਰਹਿੰਦੇ ਹਾਂ.....
-ਹਰਿੰਦਰ ਬਰਾੜ