ਹਵਾ ਦਾ ਬੁੱਲਾ
ਕਾਕਾ ਗਿੱਲ
ਸੁਨਹਿਰੀ ਅੱਖਰਾਂ ਵਿੱਚ ਨਿਉਂਦਾ ਛਪਵਾਇਆ
ਪੌਣਾਂ ਨੂੰ ਚਾਈਂ ਸੱਦਾ ਪੱਤਰ ਭਿਜਵਾਇਆ
ਉਸ ਫ਼ਿਜ਼ਾ ਨੇ ਵੀ ਪ੍ਰੇਰਣਾ ਕੀਤੀ
ਬਗੀਚਿਆਂ ਸੁਆਗਤ ਵਿੱਚ ਖ਼ੁਸ਼ਬੂ ਬਿਖ਼ੇਰ ਦਿੱਤੀ
ਫ਼ੁੱਲ਼ ਅਣਗੌਲ਼ੇ ਕਰਕੇ ਤਿਤਲ਼ੀਆਂ ਤੱਕਣ ਰਾਹ
ਖੰਭ ਖਿਲ਼ਾਰਕੇ ਵਿਹੜੇ ਨੂੰ ਰਹੀਆਂ ਸਜਾਅ
ਧੁੱਪ ਪੀਲ਼ੀਆਂ ਝੰਡੀਆਂ ਲ਼ਾਈਆਂ ਸਜਾਉਣ ਲ਼ਈ
ਅੰਗੜਾਈ ਲ਼ਵੇ ਡਾਢੀ ਚੌਰ ਝੁਲ਼ਾਉਣ ਲ਼ਈ
ਫਬੀ ਫਿਰੇ ਰੁੱਖਾਂ ਦੀ ਢਾਣੀ ਮੀਂਹਧੋਤੀ
ਪੱਤ ਮਾਲ਼ਾ ਵਿੱਚ ਪਰੋਂਦੀ ਫਿਰੇ ਮੋਤੀ
ਪੌਣ ਦੀ ਖ਼ੁਸ਼ੀ ਵਿੱਚ ਮਸਤ ਗੁਣਗੁਣਾਵੇ
ਸੁਰ ਕੱਢ ਕੋਇਲ਼ ਨਵੀਂ ਧੁਨ ਸੁਣਾਵੇ
ਤੰਬੂ ਤਾਣੀ ਬੈਠੀ ਮਸਤ ਬੱਦਲ਼ੀ ਅਸਮਾਨੀ
ਅੰਬਰਾਂ ਤੇ ਮੁੜ ਮਖ਼ਮਲ਼ੀ ਚਾਨਣੀ ਤਾਣੀ
ਰਾਤ ਦੇ ਨ੍ਹੇਰੇ ਟਟਿਹਾਣੇ ਮਸ਼ਾਲ਼ਾਂ ਜਗਾਉਣ
ਰੇਸ਼ਮੀ ਚਾਦਰਾਂ ਪਲ਼ੰਘਾਂ ਉੱਤੇ ਵਿਛਾਉਣ
ਡਾਹਕੇ ਕੁਰਸੀ ਮੁਲਾਇਮ ਗੱਦੀ ਵਿਛਾਵੇ
ਸੁਨਹਿਰੀ ਤਖਤ ਹੀਰੇ ਜਵਾਹਰ ਜੜਾਵੇ
ਅਕਾਸ਼ਗੰਗਾ ਬੁੱਲ੍ਹੀਂ ਸੁਰਖੀ ਲਾਕੇ ਮਟਕੇ
ਸੁੰਭਰਕੇ ਰਾਹੀਂ ਵਾਰ-ਵਾਰ ਪਾਣੀ ਛਿੜਕੇ
ਮੁਗਧ ਹੋਏ ਪੰਛੀ ਅਕਾਸ਼ੀਂ ਫੇਰੀਆਂ ਲਾਉਂਦੇ
ਪੌਣਾਂ ਨੂੰ ਖ਼ੁਸ਼ਆਮਦੀਦ ਦੇ ਗੀਤ ਦੁਹਰਾਉਂਦੇ
ਚੁੱਪ,
ਮੂਕ,
ਖਮੋਸ਼,
ਸ਼ਾਂਤ!
ਹਵਾ ਦਾ ਖ਼ਤ ਹਰਕਾਰਾ ਲੈ ਖੜਿਆ!
ਜੁਆਬ ਵਿੱਚ ਇੱਕ ਸੁਗੰਧਹੀਣ ਬੁੱਲਾ ਮਿਲਿਆ!
ਜੀਹਦੀ ਪੱਗ ਉੱਤੇ ਨਾ ਕੋਈ ਕਲਗੀ
ਵੇਖ ਧੁੱਪ ਝੰਡੀਆਂ ਸੁੱਟ ਪੱਛੋਂ ਢਲਗੀ
ਫ਼ਿਜ਼ਾ ਮਾਯੂਸ, ਬਗੀਚਿਓਂ ਖ਼ੁਸ਼ਬੂ ਅਲੋਪ ਹੋਈ
ਤਿਤਲੀ ਖੰਭ ਲਪੇਟ ਲਾਪਤਾ ਵਿਹੜਿਓਂ ਹੋਈ
ਕੋਇਲ ਬੈਠੀ ਚੁੱਪਚੁਪੀਤੀ, ਰੁੱਖ ਨਿਰਾਸ਼
ਸਿਰ ਨੀਵਾਂ ਕਰੀ ਬੈਠਾ ਹਿਰਾਸਿਆ ਅਕਾਸ਼
ਬੱਦਲੀ ਉੱਡੀ, ਟਟਿਹਾਣੇ ਨ੍ਹੇਰਾ ਸਵਿਕਾਰਿਆ
ਜਵਾਹਰ-ਹੀਣ ਤਖਤ ਸੁੰਨਾ ਲਕਵੇ ਮਾਰਿਆ
ਲਚਾਰ ਟੁੱਟਿਆ ਪਲੰਘ, ਰੇਸ਼ਮੀ ਚਾਦਰ ਲੀਰ
ਅਕਾਸ਼ਗੰਗਾ ਦੀ ਸੁਰਖੀ ਅਥਰੂਆਂ ਦਿੱਤੀ ਚੀਰ
ਮੁਲਾਇਮ ਗੱਦੀ ਵਾਲੀ ਕੁਰਸੀ ਟੇਢੀ ਡਿੱਗੀ
ਪੰਛੀਆਂ ਦੀ ਡਾਰ ਆਲ੍ਹਣੇ ਵੱਲ ਭੱਜੀ
ਪੱਤ ਮਾਲ਼ਾ ਵਿੱਖਰੀ, ਫ਼ੁੱਲ ਸੁਗੰਧੀਹੀਣ ਕੁਮਲਾਏ
ਚਾਨਣੀ-ਵਿਹੂਣ ਅੰਬਰ ਅਥਰੂ ਵਹਾ ਕੁਰਲਾਏ
ਬੁੱਲੇ ਦੀ ਛੋਟੀ ਉਮਰ ਕੌਣ ਹੰਢਾਏ
ਇਸਦੇ ਸੁਆਗਤ ‘ਚ ਉਤਸ਼ਾਹ ਕੋਈ ਨਾ ਦਿਖਾਏ
ਤਪਸ਼ ਜਿਸਮ ਵੱਸੀ, ਕੱਢਿਆਂ ਨਾ ਨਿੱਕਲੇ
ਬੁੱਲਾ ਮਿਠਾਸਹੀਣ, ਇਸਦੇ ਚੁੰਮਣ ਫਿੱਕਲੇ
ਬੁੱਲਿਆ ਵਾਪਸ ਮੁੜਜਾ, ਪਰਤਦਾ ਬਣਜਾ ਰਾਹੀ
ਅਸਾਨੂੰ ਡੂੰਘਾ ਇਸ਼ਕ ਪੌਣ ਨਾਲ ਅਲਾਹੀ
ਪੌਣਾਂ ਦੇ ਹਿਜਰ ਪੀਕੇ ਜਿਉਂਦੇ ਰਹਿਣਾ
ਨਾਕਬੂਲ ਤੂੰ, ਅਸੀਂ ਤੈਥੋਂ ਕੁਝ ਨਾ ਲੈਣਾ
ਚਾਨਣ ਦੇ ਬੀ, ਖ਼ੁਸ਼ਬੂ ਪੌਣ ਉਚੇਚੀ
ਰੀਝਾਂ ਲੱਦੇ ਖ਼ਤ, ਗੀਤਾਂ ਦੀ ਪੇਟੀ
ਜਜ਼ਬਾਤੀਂ ਰੰਗੇ, ਅਰਮਾਨੀਂ ਸਿੰਜੇ, ਖਾਸ ਉਪਹਾਰ
ਲੈਜਾ ਪੌਣ ਲਈ ਭਾਵਨਾਵਾਂ ਤੇ ਪਿਆਰ
Sorry, there were some unexplained errors in the first post as some lines mysteriously repeated or edited themselves. Here is the edited version!
Thanks,
JattSutra