ਪੰਜਾਬ ਦਾ ਹੋਣਹਾਰ ਸ਼ਾਇਰ ਤੇ ਗ਼ਜ਼ਲਗੋ ਰੂਪ 'ਨਿਮਾਣਾਂ'...ਜਿਸਨੂੰ ਨਿੱਕੀ ਉਮਰੇ ਹੀ ਲਿਖਣ ਦੀ ਚੇਟਕ ਲੱਗ ਗਈ ਸੀ,ਉਸਦੀ ਕਲ਼ਮ 'ਚੋਂ ਉਕਰੀ ਗ਼ਜ਼ਲ ਆਪ ਸਭ ਨਾਲ ਸਾਂਝੀ ਕਰਨ ਜਾ ਰਿਹਾ ਹਾ,ਉਮੀਦ ਹੈ ਆਪ ਸਭ ਪਸੰਦ ਕਰੋਗੇ...
ਇਹ ਜ਼ਿੰਦਗੀ ਲਾਚਾਰ ਹੈ, ਦੁਸ਼ਵਾਰ ਹੈ ਤੇਰੇ ਬਿਨਾਂ ,
ਸੰਸਾਰ ਕੀ ਸੰਸਾਰ ਹੈ, ਬਾਜ਼ਾਰ ਹੈ ਤੇਰੇ ਬਿਨਾਂ
ਤੂੰ ਨਾਲ ਹੈਂ ਤਾਂ ਹਰ ਕਦਮ 'ਤੇ ਦੋਸਤੀ ਹੈ , ਪਿਆਰ ਹੈ,
ਪਰ ਹਰ ਕਦਮ ਵੰਗਾਰ ਹੈ, ਲਲਕਾਰ ਹੈ ਤੇਰੇ ਬਿਨਾਂ
ਮੈਂ ਕੀ ਕਰਾਂ, ਕੀ ਨਾਂ ਕਰਾਂ, ਕੁਝ ਸਮਝ ਹੀ ਪੈਂਦੀ ਨਹੀਂ,
ਹਰ ਤਰਫ਼ ਤੋਂ ਕਿਉਂ ਹਾਰ ਹੀ ਬਸ ਹਾਰ ਹੈ ਤੇਰੇ ਬਿਨਾਂ
ਗ਼ਮਖਾਰ ਬਣ ਕੇ ਤੂੰ ਮੇਰਾ ਹਰ ਦਰਦ ਹਰਿਆ ਸੀ ਕਦੇ,
ਅੱਜ ਤੂੰ ਨਹੀਂ, ਪਰ ਦਰਦ ਦਾ ਅੰਬਾਰ ਹੈ ਤੇਰੇ ਬਿਨਾਂ
ਦਿਲ ਧੜਕਦੈ ਜਿਉਂ ਦਿਲ 'ਚ ਬੰਬਾਂ ਦੇ ਧਮਾਕੇ ਹੋਂਣ ਪਏ,
ਈ.ਸੀ.ਜੀ ਦੱਸਿਐ, ਦਿਲ ਮੇਰਾ ਬੀਮਾਰ ਹੈ ਤੇਰੇ ਬਿਨਾਂ
ਉਂਝ ਆਸਰੇ ਤਾਂ ਘੱਟ ਨਹੀਂ, ਪਰ ਘਾਟ ਤੇਰੀ ਰੜਕਦੀ
ਇਹ ਜ਼ਿੰਦਗੀ ਹੁਣ ਜਾਪਦੀ ਦੁਸ਼ਵਾਰ ਹੈ ਤੇਰੇ ਬਿਨਾਂ
ਤੂੰ ਯਾਰ ਹੈਂ, ਗ਼ਮਖ਼ਾਰ ਹੈਂ, ਤੂੰ "ਰੂਪ" ਦਾ ਸੰਸਾਰ ਹੈਂ,
ਜੇ ਤੂੰ ਨਹੀਂ ਤਾਂ ਜ਼ਿੰਦਗੀ ਬੇਕਾਰ ਹੈ ਤੇਰੇ ਬਿਨਾਂ..