ਅੰਦਰੋਂ ਬਾਹਰੋਂ ਇੱਕੋ ਹੋਣਾਂ ਚੰਗਾ ਲਗਦਾ ਏ
ਆਪੇ ਸਾਹਵੇਂ ਆਪ ਖਲੋਣਾਂ ਚੰਗਾ ਲਗਦਾ ਏ
ਨਾ ਹੋਵੇ ਹਥਿਆਰ ਖੁਦਾਇਆ ਇਹਨਾ ਹੱਥੀਂ
ਇਹਨਾ ਹੱਥਾਂ ਵਿੱਚ ਖਿਡੋਣਾਂ ਚੰਗਾ ਲਗਦਾ ਏ
ਅੱਲੜ੍ਹ ਉਮਰੇ ਗੋਹਾ ਪੱਥਦੀ ਇੱਕ ਕੁੜੀ ਦਾ
ਚੁੰਨੀ ਵਿਚ ਜ਼ਜਬਾਤ ਲਕੋਣਾਂ ਚੰਗਾ ਲਗਦਾ ਏ
ਹੱਸਦਾ ਹੋਇਆ ਬੱਚਾ ਚੰਗਾ ਲਗਦੈ,ਐ ਪਰ
ਮਾਂ ਦੇ ਦੁੱਧ ਨੂੰ ਉਸਦਾ ਰੋਣਾਂ ਚੰਗਾ ਲਗਦਾ ਏ
ਤਕ ਕੇ ਅੰਬਰ ਉੱਤੇ ਉਡਦੇ ਭੋਲੇ ਪੰਛੀ
ਖ਼ੁਦ ਵੀ ਉਹਨਾ ਵਰਗਾ ਹੋਣਾਂ ਚੰਗਾ ਲਗਦਾ ਏ
ਕੁਦਰਤ ਦੀ ਚੁੰਨੀ ਜਦ ਜਾਪੇ ਮੈਲੀ - ਮੈਲੀ
ਮੀਂਹ ਵਾਲੇ ਦਾ ਉਸਨੁੰ ਧੋਣਾਂ ਚੰਗਾ ਲਗਦਾ ਏ....
Kavinder Chand