ਅੱਜ ਹੋਲੀ ਮਨਾਈ ਅਸੀਂ ਬਿਨਾ ਰੰਗ ਤੋਂ,
ਧੂਮ ਨੱਚ ਨੱਚ ਪਾਈ ਅਸੀਂ ਬਿਨਾ ਸੰਗ ਤੋਂ,
ਪਹਿਲਾ ਰੰਗ ਸ਼ਕਤੀ ਦਾ ਕਰਮਾਂ ਦੇ ਲਾਇਆ,
ਦੂਜਾ ਰੰਗ ਭਗਤੀ ਦਾ ਜਿਹਨੇ ਭਰਮ ਗਵਾਇਆ,
ਚੜੀ ਨਾਮ ਦੀ ਖੁਮਾਰੀ ਨਸ਼ੇ ਬਿਨਾ ਭੰਗ ਤੋਂ,
ਅੱਜ ਹੋਲੀ ਮਨਾਈ ਅਸੀਂ ਬਿਨਾ ਰੰਗ ਤੋਂ,
ਤੀਜਾ ਰੰਗ ਸਬਰਾਂ ਦਾ ਮੱਥੇ ਮਨ ਦੇ ਸੀ ਲਾਇਆ,
ਚੌਥਾ ਰੰਗ ਪਿਆਰ ਦਾ ਹਿੱਸੇ ਦਿਲ ਦੇ ਹੀ ਆਇਆ,
ਖੁਦਾ ਰੀਝ ਪੂਰ ਦਿੱਤੀ ਸਾਡੀ ਬਿਨਾ ਮੰਗ ਤੋਂ,
ਅੱਜ ਹੋਲੀ ਮਨਾਈ ਅਸੀਂ ਬਿਨਾ ਰੰਗ ਤੋਂ,
ਰੰਗ ਹਰਾ ਹਰਿਆਲੀ ਭਰੇ ਅੰਨ ਦੇ ਭੰਡਾਰ,
ਚੌਗਿਰਦੇ ਨੂੰ ਸਾਂਭੇ ਕਰੇ ਹਵਾ ਦਾ ਸੁਧਾਰ,
ਜ਼ਹਿਰ ਸਰਪਾਂ ਫੈਲਾਈ ਮਾਰੇ ਬਿਨਾ ਡੰਗ ਤੋਂ,
ਅੱਜ ਹੋਲੀ ਮਨਾਈ ਅਸੀਂ ਬਿਨਾ ਰੰਗ ਤੋਂ,
ਇੱਕ ਕੇਸਰੀ ਨਿਸ਼ਾਨੀ ਗੀਤ ਗਾਂਵਦੀ ਲਾਸਾਨੀ,
ਦਾਗ ਖ਼ੂਨ ਨਾਲ ਧੋ ਗੇ' ਯੋਧੇ ਹੋਏ ਬਲੀਦਾਨੀ,
ਸ਼ਹਾਦਤਾਂ ਦਾ ਇਤਿਹਾਸ ਪੜ ਲਓ ਅਰੰਭ ਤੋਂ,
ਅੱਜ ਹੋਲੀ ਮਨਾਈ ਅਸੀਂ ਬਿਨਾ ਰੰਗ ਤੋਂ,
ਏਕਤਾ ਦਾ ਪ੍ਰਤੀਕ ਰਿਹਾ ਚਿੱਟਾ ਰੰਗ ਏਕ,
ਸੁਨੇਹਾ ਸਾਂਤੀ ਦਾ ਰਿਹਾ ਸਭਨਾਂ ਨੂੰ ਭੇਜ,
ਸਤਰੰਗੀ ਪੀਂਘ ਬਣੀ ਇਹਨਾਂ ਸੱਤ ਰੰਗ ਤੋਂ,
ਅੱਜ ਹੋਲੀ ਮਨਾਈ ਅਸੀਂ ਬਿਨਾ ਰੰਗ ਤੋਂ,
ਧੂਮ ਨੱਚ ਨੱਚ ਪਾਈ ਅਸੀਂ ਬਿਨਾ ਸੰਗ ਤੋਂ ।
ਜੱਸ(170314)
|