ਹੁਣ ਮੈਂ ਸਿਆਣਾ ਹੋ ਗਿਆ ਹਾਂ ....
ਹੁਣ ਮੈਂ ਨਹੀਂ ਤੁਰਦਾ..
ਵਗ ਰਹੀ ਹਵਾ ਦੇ ਨਾਲ...
ਹਰੇ ਪੱਤਿਆਂ ਦੇ ਵਿਚ...
ਤੇ ਅਧ-ਖਿੜੀਆਂ ਕਲੀਆਂ ਚ ...
ਹੁਣ ਮੇਰੀਆਂ ਅਖਾਂ ..
ਗੁੰਮ ਨਹੀਂ ਹੁੰਦੀਆਂ ...
ਤੇ ਮੀਂਹ ਆਏ ਤੋਂ ਹੁਣ ...
ਮੈਂ ਛਤਰੀ ਤਾਣ ਲੈਂਦਾ ਹਾਂ...
ਹੁਣ ਮੈਂ ਸਿਆਣਾ ਹੋ ਗਿਆ ਹਾਂ ....
ਹੁਣ ਮੈਨੂੰ ਫਰਕ ਨਹੀਂ ਪੈਂਦਾ..
ਪੰਛੀਆਂ ਦੀ ਗੈਰ-ਮੌਜੂਦਗੀ ਨਾਲ...
ਚਿੜੀਆਂ ਦੇ ਆਲਣੇ ਕਿਥੇ ਗਏ....
ਮੈਂ ਭਲਾ ਕੀ ਲੈਣਾ ਹੈ...
ਹੁਣ ਮੈਂ ਨਹੀਂ ਵੇਖਦਾ ਪਰਤ ਕੇ...
ਸੜਕ ਕਿਨਾਰੇ ਝੋਲਾ ਲੈ ਕੇ ਬੈਠੀ
ਕਿਸੇ ਬੁਢੀ ਔਰਤ ਨੂੰ...
ਮੈਂ ਤਾਂ ਖੁਦ ਲਈ ਜਿਓਂਦਾ ਹਾਂ ...
ਹੁਣ ਮੈਂ ਸਿਆਣਾ ਹੋ ਗਿਆ ਹਾਂ ....
ਕੁੜੀਆਂ ਹੁਣ ਰਸੋਈ ਚ ਹੀ ਨਹੀਂ...
ਕੁਖ ਚ ਵੀ ਮਰਦੀਆਂ ਨੇ...
ਹੁਣ ਭੁਖ ਬਹੁਤ ਵੱਡਾ ਸਵਾਲ ਹੈ...
ਇਜ਼ਤ ਤੇ ਆਬਰੂ ਤੋਂ ਵੀ ਵੱਡਾ...
ਪਰ ਮੇਰੀ ਜਾਣੇ ਬਲਾ...
ਮੇਰਾ ਆਪਣਾ ਘਰ ਤਾਂ ਮਹਿਫੂਜ਼ ਹੈ .
ਗੁੰਡਿਆਂ ਤੇ ਬਦਮਾਸ਼ਾਂ ਤੋਂ...
ਧਰਮ ਦੇ ਠੇਕੇਦਾਰਾਂ ਤੋਂ...
ਹੋਰ ਕਿਸੇ ਦੀ ਮੈਨੂੰ ਚਿੰਤਾ ਨਹੀਂ ...
ਹੁਣ ਮੈਂ ਸਿਆਣਾ ਹੋ ਗਿਆ ਹਾਂ ....
ਹੁਣ ਬਚੇ ਪੜਦੇ ਨਹੀਂ...
ਲੜਦੇ ਨੇ ਬਸ...
ਕਾਮਯਾਬੀ ਦੀ ਜੰਗ...
ਹੁਣ ਪ੍ਰੀਖਿਆ ਗਿਆਨ ਦੀ ਨਹੀਂ...
ਪੈਸਿਆਂ ਦੀ ਤੇ ਤਾਕਤ ਦੀ ਹੈ...
ਜ਼ਿੰਦਗੀ ਹੁਣ ਆਸਾਂ ਦੀ ਲੜੀ ਨਹੀਂ..
ਉਮੀਦਾਂ ਦੀ ਚਿਤਾ ਹੈ...
ਪਰ ਮੈਂ ਹੁਣ ਇਹ ਸਭ ਨਹੀਂ ਸੋਚਦਾ ...
ਹੁਣ ਮੈਂ ਸਿਆਣਾ ਹੋ ਗਿਆ ਹਾਂ ....
ਮੈਂ ਹੁਣ ਰੋਟੀ ਦੀ ਥਾਂ....
ਆਪਣੇ ਸੁਪਨੇ ਨਿਗਲਦਾ ਹਾਂ...
ਤੇ ਮੇਰੀ ਆਵਾਜ਼ ਤਾਂ ਬਸ..
ਮੇਰੇ ਸੀਨੇ ਚ ਦਫਨ ਹੋ ਜਾਂਦੀ ਹੈ...
ਹੁਣ ਮੈਂ ਗਲਤ ਨੂੰ ਗਲਤ...
ਸਹੀ ਨੂੰ ਸਹੀ ਨਹੀਂ ਆਖਦਾ....
ਤੇ ਚੁਪ-ਚਾਪ ਕਰ ਲੈਂਦਾ ਹਾਂ ਸਮਝੌਤਾ.
ਵਕ਼ਤ,ਹਾਲਤ ਤੇ ਹਰ ਜਾਬਰ ਟੋਲੇ ਨਾਲ...
ਤੇ ਚੁਪ-ਚਾਪ ਕਰ ਲੈਂਦਾ ਹਾਂ ਸਮਝੌਤਾ.