ਥੇਮਸ ਦੀ ਠੰਡੀ ਨਹਿਰ ਹੈ
ਰਾਤ ਦਾ ਪਿੱਛਲਾ ਪਹਿਰ ਹੈ
ਇੱਕ ਅੱਖ ਵਿੱਚ ਤੇਰਾ ਜ਼ਹਿਰ ਹੈ
ਦੂਜੀ ਵਿੱਚ ਵੀ ਭਰਦੇ ਹਾਂ
ਉਂਝ ਨਸ਼ੇ ਵਧੇਰੇ ਦੁਨੀਆਂ ਤੇ, ਅਸੀਂ ਤੇਰਾ ਲਾਇਆ ਕਰਦੇ ਹਾਂ
ਲੰਡਨ ਦੀ ਰਾਤ ਨਿਰਾਲੀ ਹੈ
ਤੇਰੀ ਫੋਟੋ ਸੀਨੇ ਲਾ ਲਈ ਹੈ
ਤੇਰੀ ਨਿੱਘ ਨੇ ਜਾਨ ਬਚਾ ਲਈ ਹੈ
ਪਹਿਲਾਂ ਠੰਡ ਵਿੱਚ ਠਰ-ਠਰ ਕਰਦੇ ਸਾਂ
ਉਂਝ ਨਸ਼ੇ ਵਧੇਰੇ ਦੁਨੀਆਂ ਤੇ, ਅਸੀਂ ਤੇਰਾ ਲਾਇਆ ਕਰਦੇ ਹਾਂ
ਕਦੀ ਪੀਂਦੇ ਹਾਂ ਕਦੇ ਪਿਲਾਉਂਦੇ ਹਾਂ
ਤੇਰੇ ਨਾਂ ਨੂੰ ਲਾਂਬੂ ਲਾਉਂਦੇ ਹਾਂ
ਪਰ ਪਿਛੋਂ ਬਹੁ ਪਛਤਾਉਂਦੇ ਹਾਂ
ਜਦੋਂ ਰਾਖ਼ ਨੂੰ ਕੱਠਿਆਂ ਕਰਦੇ ਹਾਂ
ਉਂਝ ਨਸ਼ੇ ਵਧੇਰੇ ਦੁਨੀਆਂ ਤੇ, ਅਸੀਂ ਤੇਰਾ ਲਾਇਆ ਕਰਦੇ ਹਾਂ
ਇਹ ਚੰਗਾ ਢੰਗ ਸਹੇੜਿਆ ਹੈ
ਖੂਹ ਯਾਦਾਂ ਵਾਲਾ ਗੇੜਿਆ ਹੈ
ਅਸੀਂ ਜ਼ਖ਼ਮ ਪੁਰਾਣਾ ਛੇੜਿਆ ਹੈ
ਹੁਣ ਟੁਕੜੇ ਲਾ ਲਾ ਜੜ੍ਹਦੇ ਹਾਂ,
ਉਂਝ ਨਸ਼ੇ ਵਧੇਰੇ ਦੁਨੀਆਂ ਤੇ, ਅਸੀਂ ਤੇਰਾ ਲਾਇਆ ਕਰਦੇ ਹਾਂ
ਨਾ ਸੋਚਣ ਦੀ ਕੋਈ ਸੀਮਾ ਹੈ
ਨਾ ਸੁਰ ਹੀ ਬਹੁਤਾ ਧੀਮਾ ਹੈ
ਪਾਣੀ ਪੁੱਲ ਤੋਂ ਬਹੁਤਾ ਨੀਵਾਂ ਹੈ
ਅਸੀਂ ਬਾਹਰ ਖੜ੍ਹ-ਖੜ੍ਹ ਤਰਦੇ ਹਾਂ,
ਉਂਝ ਨਸ਼ੇ ਵਧੇਰੇ ਦੁਨੀਆਂ ਤੇ, ਅਸੀਂ ਤੇਰਾ ਲਾਇਆ ਕਰਦੇ ਹਾਂ
ਇਹ ਖੌਰੇ ਕੀਹਦਾ ਖੜਕਾ ਹੈ ?
ਜਿਵੇਂ ਹੋਵਣ ਵਾਲਾ ਤੜਕਾ ਹੈ
ਨਾ ਹੱਥ ਵਿੱਚ ਕੋਈ ਵਰਕਾ ਹੈ
ਹਾਲੇ ਮਨ ਵਿੱਚ ਅੱਖ਼ਰ ਧਰਦੇ ਹਾਂ
ਉਂਝ ਨਸ਼ੇ ਵਧੇਰੇ ਦੁਨੀਆਂ ਤੇ, ਅਸੀਂ ਤੇਰਾ ਲਾਇਆ ਕਰਦੇ ਹਾਂ
ਤੇਰੀ ਮੇਰੀ ਯਾਰੀ ਪੱਕੀ ਹੈ
ਇਹ ਭਰ ਗਈ ਨੱਕੋ-ਨੱਕੀ ਹੈ
ਫਿਰ ਵੀ ਦੁਨੀਆਂ ਸ਼ੱਕੀ ਹੈ
ਤਾਹੀਂ ਚਿੱਠੀਆਂ ਵਾਕਣ ਪੜ੍ਹਦੇ ਹਾਂ
ਉਂਝ ਨਸ਼ੇ ਵਧੇਰੇ ਦੁਨੀਆਂ ਤੇ, ਅਸੀਂ ਤੇਰਾ ਲਾਇਆ ਕਰਦੇ ਹਾਂ
ਜ਼ਜਬਾਤਾਂ ਘੇਰਾ ਪਾਇਆ ਹੈ
ਅਸੀਂ ਦਿਲ ਤੋਂ ਤੈਨੂੰ ਚਾਹਿਆ ਹੈ
ਇੱਕ ਪਲ ਵਿੱਚ ਸਫ਼ਰ ਮੁਕਾਇਆ ਹੈ
ਪਰ ਹੱਥੀਂ ਛੂਣੋਂ ਡਰਦੇ ਹਾਂ
ਉਂਝ ਨਸ਼ੇ ਵਧੇਰੇ ਦੁਨੀਆਂ ਤੇ, ਅਸੀਂ ਤੇਰਾ ਲਾਇਆ ਕਰਦੇ ਹਾਂ
ਇਹ ਆਦਤ ਮੇਰੀ ਸੁੱਧਰੇ ਨਾ
ਇਹ ਰਾਤ ਵੀ ਗੱਲ ਨੂੰ ਕੁੱਤਰੇ ਨਾ
ਇਹ ਉਮਰਾਂ ਤੱਕ ਵੀ ਉੱਤਰੇ ਨਾ
ਬਸ ਇਹੋ ਦੁਆਵਾਂ ਕਰਦੇ ਹਾਂ
ਉਂਝ ਨਸ਼ੇ ਵਧੇਰੇ ਦੁਨੀਆਂ ਤੇ, ਅਸੀਂ ਤੇਰਾ ਲਾਇਆ ਕਰਦੇ ਹਾਂ
ਹਰ ਰੋਜ਼ ਹੀ ਕੰਮ ਤੇ ਜਾਈਂਦਾ ਹੈ
ਤੈਨੂੰ ਰੱਬ ਤੋਂ ਪਹਿਲਾਂ ਧਿਆਈਂਦਾ ਹੈ
ਤੇਰੀ ਯਾਦ ਦਾ ਸੁਰਮਾ ਪਾਈਂਦਾ ਹੈ
ਤਾਂ ਹੀ ਉਭੇ ਸਾਹ ਪਏ ਭਰਦੇ ਹਾਂ,
ਉਂਝ ਨਸ਼ੇ ਵਧੇਰੇ ਦੁਨੀਆਂ ਤੇ, ਅਸੀਂ ਤੇਰਾ ਲਾਇਆ ਕਰਦੇ ਹਾਂ
ਹਰ ਰਾਤ ਦੀ ਨਵੀਂ ਕਹਾਣੀ ਹੈ
ਏਦਾਂ ਜ਼ਿੰਦਗ਼ੀ ਵੀ ਲੰਘ ਜਾਣੀ ਹੈ
ਇਹ ਹਫ਼ਤਿਆਂ ਵਿੱਚ ਵਟ ਜਾਣੀ ਹੈ
ਜਿਹੜੀ ਸਦੀਆਂ ਲਾ-ਲਾ ਕੱਟਦੇ ਸਾਂ
ਉਂਝ ਨਸ਼ੇ ਵਧੇਰੇ ਦੁਨੀਆਂ ਤੇ, ਅਸੀਂ ਤੇਰਾ ਲਾਇਆ ਕਰਦੇ ਹਾਂ