ਇੱਕ ਮਹਿਕਦੀ ਸਵੇਰ
ਤੜਕਸਾਰ
ਆਪਣੇ ਘਰ ਵਿਚ ਚਿੜੀਆਂ ਵਾਂਗੂੰ ਚਹਿਕਦੀ
ਅੰਮ੍ਰਿਤਾ
ਆਲ੍ਹਣੇ 'ਚ ਚਹਿਕਦੀਆਂ ਚਿੜੀਆਂ
ਡਾਇਨਿੰਗ ਟੇਬਲ ਤੇ
ਮੈਂ , ਦੇਵ , ਇਮਰੋਜ਼ , ਅੰਮ੍ਰਿਤਾ
ਅੰਮ੍ਰਿਤਾ ਬੋਲੀ
ਲਿਆ ਈਮੂ ਜਲੇਬੀਆਂ
ਅੱਜ ਇਨ੍ਹਾਂ ਮਹਿਮਾਨਾਂ ਨੂੰ
ਦੁਧ ' ਚ ਜਲੇਬੀਆਂ ਪਾ ਕੇ ਖੁਆਈਏ
ਹੁਣੇ ਲਓ
ਆਖ ਕੇ ਇਮਰੋਜ਼ ਕਾਰ ਦੀ ਚਾਬੀ ਚੁੱਕ
ਪੌੜੀਆਂ ਉਤਰਦਾ
ਮਿਨਟਾਂ 'ਚ ਵਾਪਿਸ
ਡਾਇਨਿੰਗ ਟੇਬਲ ਤੇ
ਦੁਧ 'ਚ ਜਲੇਬੀਆਂ
ਅੰਮ੍ਰਿਤਾ ਦੀ ਮਿਠੀ ਸਖਸ਼ੀਅਤ
ਜਲੇਬੀਆਂ ਤੋਂ ਵੀ ਮਿੱਠੀ
ਦੁਧ ਤੋਂ ਵੀ ਜਿਆਦਾ ਪਾਕ
ਕੀਤੇ ਜਿਆਦਾ
ਨਹੀਂ ਖਾਧੀਆਂ ਸਨ ਮੈਂ
ਕਦੇ ਵੀ ਪਹਿਲਾਂ
ਦੁਧ ' ਚ ਜਲੇਬੀਆਂ
ਨਹੀਂ ਖਾਵਾਂਗਾ
ਉਮਰ ਭਰ ਕਦੇ ਵੀ
ਦੁਧ 'ਚ ਜਲੇਬੀਆਂ
ਮੈਂ ਇਸ ਅਹਿਸਾਸ ਨੂੰ
ਸਿਰਫ ਅੰਮ੍ਰਿਤਾ ਨਾਲ
ਜੋੜ ਕੇ ਰਖਣਾ ਚਾਹੁੰਦਾ ਹਾਂ
ਜਦੋਂ ਕੋਈ
ਦੁਧ 'ਚ ਜਲੇਬੀਆਂ ਦਾ ਜ਼ਿਕਰ ਕਰਦਾ
ਮੈਨੂੰ ਅੰਮ੍ਰਿਤਾ ਦੇ ਸਾਥ 'ਚ ਬਿਤਾਈ
ਓਹ ਨਿਘੀ ਸਵੇਰ ਯਾਦ ਆਉਂਦੀ
ਜਦੋਂ ਕੋਈ
ਅੰਮ੍ਰਿਤਾ ਦਾ ਨਾਮ ਲੈਂਦਾ
ਤਾਂ ਮੈਨੂੰ
ਦੁਧ ' ਚ ਜਲੇਬੀਆਂ ਯਾਦ ਆਉਂਦੀਆਂ
ਇੱਕ ਮਿਠਾਸ
ਇਕ ਸੁੱਚਾ ਅਹਿਸਾਸ
ਮੇਰੀਆਂ ਰਗਾਂ ਵਿਚ
ਮੇਰੀ ਰੂਹ ਵਿਚ
ਧੁਰ ਤੀਕ
ਘੁਲ ਮਿਲ ਜਾਂਦਾ.........
ਅਮਰਜੀਤ ਕਾਉਂਕੇ