ਜੋਗੀ ਖੜਾ ਦੁਆਰ ਨੀ ਮਾਂ
ਇੱਕ ਅੱਖ ਉਹਦੀ ਆਰ ਦਿਸੀਵੇ
ਦੂਜੀ ਦਿਸਦਾ ਪਾਰ ਨੀ ਮਾਂ
ਜੋਗੀ ਖੜਾ ਦੁਆਰ ਨੀ ਮਾਂ.......
ਬੋਲੀਂਂ ਉਸਦੇ ਨਾਨਕ ਬੋਲੇ
ਚਿਹਰੇ ਪਰਦਾ ਯੂਸਫ ਖੋਲੇ
ਤੱਕਣੀਂ,ਧਰਮੀਂ,ਤੱਕੜੀ ਡੋਲੇ
ਸੁਣਿਐ ਘੱਟ ਨਾ,ਵਾਧੂ ਤੋਲੇ
ਜੀਅ ਪਿਆ,ਕਰਾਂ ਉਧਾਰ ਨੀਂ ਮਾਂ
ਜੋਗੀ ਖੜਾ ਦੁਆਰ ਨੀ ਮਾਂ........
ਪੈਰੀਂ ਉਹਦੇ ਧਮਕਣ ਸੁਣਦੀ
ਉੱਤਰ,ਪੂਰਬ,ਦੱਖਣ ਸੁਣਦੀ
ਕੰਨੀਂ ਨਈਂਂ,ਇਹ ਤੱਕਣ ਸੁਣਦੀ
ਮੈਂ ਨੂੰ ਅੱਗ ਚ ਰੱਖਣ ਸੁਣਦੀ
ਮੈਂ ਦਾ ਲਾਹਵਾਂ ਭਾਰ ਨੀ ਮਾਂ
ਜੋਗੀ ਖੜਾ ਦੁਆਰ ਨੀ ਮਾਂ........
ਕਾਲੀ ਕੰਬਲੀ,ਜਾਦੂ ਚਿੱਟਾ
ਚਾਰ ਧਰਮ ਦਾ ਮੱਥੇ ਟਿੱਕਾ
ਸੈਦਾ,ਖੇੜਾ ਜਾਪੇ ਫਿੱਕਾ
ਰੱਬੋਂ ਵੱਡਾ,ਦਿਸਦਾ ਨਿੱਕਾ
ਕੇਹਾ ਹਾਰ ਸ਼ਿੰਗਾਰ ਨੀ ਮਾਂ
ਜੋਗੀ ਖੜਾ ਦੁਆਰ ਨੀ ਮਾਂ...........
ਨਾਦ ਗੂਂਜੇ ਜਦ ਭਰੇ ਹੁੰਗਾਰਾ
ਇੱਕ ਹੱਥ ਵੰਝਲੀ,ਇੱਕ ਇੱਕ ਤਾਰਾ
ਥੋੜੇ ਵਿੱਚ,ਸਾਰੇ ਦਾ ਸਾਰਾ
ਫੁੱਲਾਂ ਵਰਗਾ, ਪਰਬਤੋਂ ਭਾਰਾ
ਕੀ ਸਮਝਾਵਾਂ ਸਾਰ ਨੀ ਮਾਂ
ਜੋਗੀ ਖੜਾ ਦੁਆਰ ਨੀ ਮਾਂ........
ਬਲਕਾਰ ਦਾਨਿਸ਼
|