ਇੱਕ ਵਾਰ ਅਸੀਂ ਕਿਸੇ ਬਲੌਗ ਤੇ @harman ਅਤੇ Seemaa S Grewal ਦੀ ਸਾਂਝੀ ਰਚਨਾ "ਚੱਲ ਵੀਰੇ ਪਿੰਡ ਚੱਲੀਏ "
ਪੜੀ ਸੀ । ਦਿਲ ਵਾਹ ਵਾਹ ਕਰ ਉੱਠਿਆ ਸੀ । ਸੋਚਦੇ ਸੀ ਇੰਨ੍ਹਾਂ ਸੋਹਣਾਂ ਲਿਖਣ ਵਾਲੇ ਇਹ ਪਤਾ ਨਈ ਕੌਣ ਨੇ । ਫਿਰ ਇੱਕ ਦਿਨ ਫੇਸਬੁੱਕ ਨੇ ਇਹਨਾਂ ਦੋਨਾਂ ਮਹਾਨ ਸਖਸ਼ੀਅਤਾਂ ਨਾਲ਼ ਮਿਲਾ ਦਿੱਤਾ ।
ਅੱਜ ਫਿਰ ਇਹਨਾਂ ਦੀ ਕੰਧ ਤੇ ਇਹ ਜੁਗਲਬੰਦੀ ਦੇਖਣ ਨੂੰ ਮਿਲੀ । ਤੁਸੀਂ ਵੀ ਦੇਖੋ ਸਾਰੇ ਕਿਆ ਰੰਗ ਬੰਨਿਆ ਹੈ ।
ਬੁੱਝਾਂ ਤੈਨੂੰ ਵਾਂਗ ਬੁਝਾਰਤ
ਦੋਹੜੇ ਵਾਂਗੂੰ ਗਾਵਾਂ ਵੇ..
ਜਾਂ ਫਿਰ ਤੈਨੂੰ ਵੇਲਾਂ ਵਾਂਗੂੰ
ਘੜਿਆਂ ਉੱਤੇ ਪਾਵਾਂ ਵੇ..hrmn
ਸੁਪਨੇ ਦੇ ਵਿੱਚ ਸਿੰਜਾਂ ਵੇਲਾ
ਸੱਜਰੇ ਫੁੱਲ ਉਗਾਵਾਂ ਵੇ..
ਪ੍ਰੋ ਕੇ ਮਾਲਾ ਦਿਨ ਚੜ੍ਹਦੇ ਨੂੰ
ਤੇਰੇ ਗਲ ਵਿੱਚ ਪਾਵਾਂ ਵੇ..seema
ਤੂੰ ਹੀ ਮੇਰੇ ਸਾਹਾਂ ਦੇ ਵਿੱਚ
ਕੂਲੀਆਂ ਰੀਝਾਂ ਜਣੀਆਂ ਵੇ..
ਕੱਚੀਆਂ ਕੱਚੀਆਂ ਕੈਲਾਂ ਉੱਤੋਂ
ਤਿਲਕਦੀਆਂ ਜਿਓਂ ਕਣੀਆਂ ਵੇ..hrmn
ਕਣੀਆਂ ਭਿੱਜੇ ਨੈਣ ਬੇ-ਨੂਰੇ
ਤੇਰੀਆਂ ਕਰਨ ਉਡੀਕਾਂ ਵੇ..
ਦਿਲ ਡਾਢੇ ਨਾ ਹੂਕ ਸੁਣੇਂਦੀ
ਚੁੱਪ ਤਾਂ ਮਾਰੇ ਚੀਕਾਂ ਵੇ ...seema
ਮੇਰੀ ਤਾਂ ਰਗ ਰਗ ਦੇ ਅੰਦਰ
ਡਾਢੀ ਪੀੜ ਪ੍ਰੋਤੀ ਨੀਂ..
ਸੂਹੀ ਸਰਘੀ ਪੀਲੀ ਆਥਣ
ਹੰਝੂਆਂ ਦੇ ਨਾਲ ਧੋਤੀ ਨੀਂ..
ਕਦੇ ਕਦਾਈਂ ਚਿੱਤ ਖਿੜ ਜਾਵੇ
ਜਿਓਂ ਖਿੜਦੀ ਏ ਜੋਤੀ ਨੀਂ..
ਉਸ ਦਿਨ ਮੇਰੇ ਖਾਬੀਂ ਨੱਸੇ
ਫੁੱਲਾਂ ਵਾਲੀ ਬੋਤੀ ਨੀਂ..hrmn
ਜੋਤੀ ਨੂੰ ਮੈਂ ਤਰਸਾਂ ਨਿਸ ਦਿਨ
ਪਾ ਪਾ ਰੂਹ 'ਤੇ ਔਂਸੀਆਂ ਵੇ..
ਬੂੰਦ ਤ੍ਰੇਲਾਂ ਮੱਥੇ ਲਾਂ ਮੈਂ
ਧੁੱਪੇ ਤੂੰ ਜੋ ਤਰੌਂਕੀਆਂ ਵੇ..
ਖਾਬਾਂ ਦੀ ਦੇਹਲੀ 'ਤੇ ਖੜ੍ਹੀਆਂ
ਰੀਝਾਂ ਮਨ ਮਸੋਸੀਆਂ ਵੇ..
ਹਾੜ੍ਹਾ ਪੀੜ ਨਿਚੋੜ ਦੇ ਹੁਣ ਤਾਂ
ਖਿੜ ਕੇ ਹੱਸਣ ਖਾਮੋਸ਼ੀਆਂ ਵੇ.....seema
ਜੇ ਅੜੀਏ ਮੈਂ ਪੀੜ ਨਿਚੋੜਾਂ
ਦੱਸ ਕੀ ਢੂੰਡਾਂ ਦੱਸ ਕੀ ਲੋੜਾਂ..
ਹਾਂ ਇੰਝ ਲਗਦਾ ਥੋੜ੍ਹਾ ਥੋੜ੍ਹਾ
ਵਕਤ ਨੂੰ ਆ ਜਾਊਗਾ ਮੋੜਾ..
ਮੈਂ ਆਪਣੇ ਦਰਦਾਂ 'ਚੋਂ ਸਿੰਮਿਆ
ਦਰਦਾਂ ਬਾਝੋਂ ਲੂਲ੍ਹਾ ਕੋਹੜਾ..
ਮੇਰਿਆਂ ਹੱਡਾਂ ਮੇਰਿਆਂ ਜੋੜਾਂ
ਦੇ ਵਿੱਚ ਕੁੜੀਆਂ ਖੇਡਣ ਰੋੜਾਂ..hrmn
ਰੱਤੜਾ ਰੰਗ ਭਰ ਦਰਦਾਂ ਅੰਦਰ
ਮੱਥੇ ਲਾ ਲਾ ਵੇਖਾਂ ਵੇ..
ਲਾਲ ਸੂਹਾ ਇੱਕ ਦਰਦ ਉਗੇਂਦਾ
ਨਿੱਤ ਨਵਾਂ ਵਿੱਚ ਲੇਖਾਂ ਵੇ..
ਕਾਲਾ ਕਾਲਾ ਸੁਰਮਾ ਨੈਣੀਂ
ਕਿੰਝ ਸ਼ੀਸ਼ੇ ਨੂੰ ਦੇਖਾਂ ਵੇ..
ਡੂੰਘੇ ਗਹਿਰੇ ਸਾਗਰ ਖਾਰੇ
ਗੱਡੇ ਲਾ ਲਾ ਮੇਖਾਂ ਵੇ.....seema
ਦਰਦ ਤਾਂ ਮੇਰੇ ਮੁੱਢੋਂ ਰੱਤੇ
ਠੰਡੇ ਠੰਡੇ ਤੱਤੇ ਤੱਤੇ..
ਜਿਓਂ ਟਾਹਣਾਂ 'ਤੇ ਝੂਲਣ ਪੱਤੇ
ਦਰਦ ਅਸਾਡੇ ਮੱਥੇ ਨੱਚੇ..
ਵਲਵਲਿਆਂ ਦਾ ਸ਼ਹਿਦ ਰਸੀਲਾ
ਅੱਗ ਬਾਲ ਕੇ ਚੋ ਲਓ ਛੱਤੇ..hrmn
ਵਲਵਲਿਆਂ ਦੀ ਸ਼ਹਿਦ ਚਾਸ਼ਨੀ
ਗੀਤ 'ਚ ਪਾ ਕੇ ਚੱਟਾਂ ਵੇ..
ਲਫਜ਼ ਰਸੀਲੇ ਡੁੱਲ੍ਹ ਡੁੱਲ੍ਹ ਪੈਂਦੇ
ਕਿੰਝ ਕਲਮ ਮੁੱਠ ਵੱਟਾਂ ਵੇ..
ਤੰਦ ਮੁਹੱਬਤਾਂ ਟੁੱਟੀ ਜਾਵਣ
ਜਿਓਂ ਜਿਓਂ ਸੂਤਰ ਕੱਤਾਂ ਵੇ..
ਮਹਿਕਾਂ ਭਰਿਓ ਰਾਤ ਦੀ ਰਾਣੀ
ਬੁੱਝੇ ਮਨ ਦੀ ਅੱਟਕਾਂ ਵੇ..
ਕਾਲੀਆਂ ਰਾਤਾਂ ਤਾਂ ਲੰਘ ਜਾਵਣ
ਕਿੰਝ ਚਾਨਣੀ ਕੱਤਾਂ ਵੇ....seema
ਲੰਮੀਆਂ ਲੰਝੀਆਂ ਰਾਤਾਂ ਦੇਵਣ
ਸੁੱਤੇ ਗੀਤ ਜਗਾ..
ਦੂਰ ਦੂਰ ਤੱਕ ਗੂੜ੍ਹ ਹਨ੍ਹੇਰਾ
ਕੋਈ ਵੀ ਦਿਸਦਾ ਨਾ..
ਔਹ ਖੰਡਰਾਂ ਦੀ ਭੱਜੀ ਕੰਧੇ
ਉੱਲੂ ਜਾਗ ਰਿਹਾ..
ਰੈਨ ਪਰਿੰਦਿਆਂ ਨੂੰ ਕੀ ਹੁੰਦਾ
ਚਾਨਣੀਆਂ ਦਾ ਚਾਅ..
ਜਾਂ ਫਿਰ ਮੇਰੀ ਆਪਣੀ ਮਿੱਟੀ
ਰਹੀ ਕੀਰਨੇ ਪਾ..
ਬਿੱਲੀਆਂ ਦਾ ਇੱਕ ਝੁੰਡ ਵੀ ਕਿਧਰੇ
ਰਿਹਾ ਅਲਾਹੁਣੀਆਂ ਗਾ..
ਲੰਮੀਆਂ ਲੰਝੀਆਂ ਰਾਤਾਂ ਦੇਵਣ
ਸੁੱਤੇ ਗੀਤ ਜਗਾ..hrmn
ਰਾਤ ਦੀ ਚਾਦਰ ਤਾਣ ਕੇ ਸੋਚਾਂ
ਦੇਵਾਂ ਦਰਦ ਸੰਵਾ..
ਥਾਪੜ ਥਾਪੜ ਹਿੱਕ ਲਫਜ਼ ਦੀ
ਲੋਰੀ ਰਹੀ ਆਂ ਗਾ..
ਆਲੇ ਬੈਠੇ ਉੱਲੂ ਨੂੰ ਪੁੱਛਾਂ
ਤੈਨੂੰ ਕਾਹਦਾ ਚਾਅ..
ਰੀਝਾਂ ਸਾਂਝਾਂ ਖੰਡਰ ਖੰਡਰ
ਸੱਜਣ ਦੂਰ ਗਿਆ..
ਆ ਵੇ ਸੁਪਨੇ ਗਲ ਲੱਗ ਰੋਈਏ
ਤੈਥੋਂ ਕੀ ਲੁਕਾ......seema
ਇਹ ਘੁੱਗੀਆਂ ਦੇ ਪਿੰਡੇ ਰੰਗੀ
ਬੱਦਲੀ ਕਿਧਰੋਂ ਆਈ..
ਲਾ ਸੂਰਜ ਨੇ ਧੁੱਪ ਦੇ ਫੰਭੇ
ਡਾਢੀ ਦੇਹ ਚਮਕਾਈ..
ਛੱਜ ਭਰ ਲਿਆਈ ਯਾਦਾਂ ਦਾ
ਖੁਦ ਜਾਂਦੀ ਹੈ ਮਸਤਾਈ..
ਓਹਨੂੰ ਵੀ ਸੀ ਬੱਦਲੀਆਂ
ਟੋਵ੍ਹਨ ਦਾ ਕਿੰਨਾ ਚਾਅ..
ਨੀਂ ਮੇਰਾ ਸੱਜਣ ਦੂਰ ਗਿਆ..
ਨੀਂ ਮੇਰਾ ਸੱਜਣ ਦੂਰ ਗਿਆ..hrmn
ਇੱਕ ਦਿਨ ਕਹਿੰਦਾ ਮੈਨੂੰ
ਤੂੰ ਬੱਦਲੀ ਦੇ ਵਾਂਗਰ ਜਾਪੇਂ..
ਵਰ੍ਹ ਵਰ੍ਹ ਪਹਿਲੀਆਂ ਰੁੱਤਾਂ ਵਾਂਗੂੰ
ਸੁਗੰਧ ਮਿੱਟੀਆਂ ਦੀ ਨਾਪੇਂ..
ਆਪ ਤਾਂ ਚੰਦਰਾ ਰਾਤ ਦਾ ਸੂਰਜ
ਪਾ ਗਿਆ ਜਿੰਦ ਸਿਆਪੇ..
ਆਪੇ ਬੁੱਲ੍ਹੀਆਂ ਹਾਸੇ ਭਰਦਾ
ਝੋਲੀ ਰੋਣਾ ਪਾਉਂਦਾ ਆਪੇ..
ਦੂਰ ਗਿਆਂ ਨੂੰ ਕੀਕਣ ਲੱਭਾਂ
ਹਰ ਸ਼ੈਅ ਸੱਜਣ ਵਰਗੀ ਜਾਪੇ..
ਹਰ ਸ਼ੈਅ ਸੱਜਣ ਵਰਗੀ ਜਾਪੇ.....seema