ਬੁਢਾਪੇ ਦੇ ਪੰਧ
ਕਾਕਾ ਗਿੱਲ
ਨੀ ਤੂੰ ਆਪਣੇ ਹੀ ਸ਼ਹਿਦ ਵਿੱਚ
ਫਟਕੜੀ ਦੀਆਂ ਡਲੀਆਂ ਘੋਲੀਆਂ।
ਬੁਢਾਪੇ ਵੇਲੇ ਹੈਂ ਕਿਓਂ ਪਛਤਾਉਂਦੀ
ਝਾੜ ਜੁਆਨੀ ਵੇਲ਼ੇ ਦੀਆਂ ਪੱਗਾਂ ਰੋਲੀਆਂ।
ਉਮਰਾਂ ਦੇ ਸ਼ੀਸ਼ੇ ਵਿੱਚ
ਆਪਣਾ ਚਿਹਰਾ ਦੇਖਕੇ ਡਰ ਗਈ
ਰੋਹੀ ਦੇ ਰਾਹਾਂ ਵਰਗੀਆਂ ਝੁਰੜੀਆਂ
ਖੇਡ ਰਹੀਆਂ ਮੁੱਖ ਤੇ ਹੋਲੀਆਂ।
ਲੋਹੜਾ ਵੇ! ਨਿੰਮ ਦੇ ਜ਼ਹਿਰੀਲੇ ਪੱਤੇ
ਕੰਬਲਾਂ ਦੀਆਂ ਤਹਿਆਂ ਚ ਦੇਕੇ ਸੰਦੂਕੀਂ ਰੱਖਦੇ
ਅੰਗੂਰਾਂ ਵਿੱਚ ਰਲ਼ੀਆਂ ਵੀ
ਥੁੱਕ ਦਿੰਦੇ ਨੇ ਪਛਾਣਕੇ ਨਮੋਲੀਆਂ।
ਮੱਸਿਆ ਨੂੰ ਹਟੜੀ ਦੇ ਨੂਰ ਵਿੱਚ
ਲੁੱਟ ਲੈਂਦੇ ਨੇ ਧੇਲੇ, - ਛੁਰਾ ਦਿਖਾਕੇ
ਕਿਹੜੇ ਰਾਖਸ਼ ਜੇਬ ਕਤਰੇ ਨੇ
ਮੁਰਦੇ ਦੀਆਂ ਜੇਬਾਂ ਫਰੋਲ਼ੀਆਂ?
ਸਿੱਠਣੀਆਂ ਯਾਦ ਤਾਂ ਆਵਣਗੀਆਂ
ਕਿਸੇ ਜੀਜੇ ਨੂੰ ਕਹੀਆਂ
ਟੱਪੇ ਗਾਂਦੀਆਂ ਅਵਾਜਾਂ ਪਿੱਛੇ ਨੱਸਣ
ਸੁਫ਼ਨਿਆਂ ਵਿੱਚ ਮਿਲਣ ਹਮਜੋਲੀਆਂ।
ਛਿਪ ਗਏ ਤੀਆਂ ਦੇ ਸੂਰਜ
ਭੰਗ ਕਰਕੇ ਨੱਢੀਆਂ ਦੇ ਗਿੱਧੇ
ਖਾਧੀਆਂ ਸਮੇਂ ਦੀ ਬਿਆਈ ਨੇ ਅੱਡੀਆਂ
ਭੁੱਲ ਚੁੱਕੀ ਕਿੱਦਾਂ ਪਾਉਂਦੇ ਬੋਲੀਆਂ।
ਛੱਪੜ ਵਿੱਚੋਂ ਕਾਗ ਹੰਸ ਜੇ ਬਣਨ
ਸਣਾਂ ਵਾਲੇ ਫਿਰ ਕਿੱਥੇ ਸਣ ਦੱਬਣਗੇ
ਦੇਕੇ ਧੂਣੀ ਮੁਸ਼ਕ-ਕਾਫ਼ੂਰ ਦੀ
ਚੰਦਨ ਨਾ ਬਣਨਗੀਆਂ ਕਿੱਕਰ ਦੀਆਂ ਗੇਲੀਆਂ।
ਸਾਬੂਣ ਲਾਕੇ ਨਿੱਖਰਦੇ ਜੇ ਕੋਲੇ
ਚਿੱਟੀਆਂ ਰਾਤਾਂ ਕਾਲ਼ੀਆਂ ਹੋ ਜਾਂਦੀਆਂ
ਮਲ਼ ਮਲ਼ਕੇ ਨ੍ਹਾਉਂਦੀ ਕੁਆਰੀ ਨੇ
ਪੱਟ ਲਈਆਂ ਮੁੱਖ ਤੋਂ ਸ੍ਹੇਲੀਆਂ।
ਮੋਹ ਲਈਆਂ ਰਾਤਾਂ ਕੁਆਰੀਆਂ
ਮਹਿੰਦੀ ਲਾਕੇ ਤਲ਼ੀਆਂ ਤੇ
ਪੰਜੇਬਾਂ ਖੜਕਾਕੇ ਸੁਹਾਗਰਾਤ ਮਨਾਉਂਦੀਆਂ
ਬਹੂਆਂ ਸ਼ਰਮਾਕਲ ਨਵੀਆਂ ਨਵੇਲੀਆਂ।
ਕੱਚੀ ਲੱਸੀ ਵਰਤਾਈ ਛਬੀਲਾਂ ਉੱਤੇ
ਕਬਰਾਂ ਉੱਤੇ ਪ੍ਰਸ਼ਾਦ ਚੜ੍ਹਾਏ
ਪੀਰਾਂ ਦੀਆਂ ਸੁੱਖਾਂ, ਮੰਨਤਾਂ ਮੰਗੀਆਂ
ਵੰਡਕੇ ਖ਼ੁਸ਼ੀ ਦੀਆਂ ਗੁੜ-ਭੇਲੀਆਂ।
ਬੀਤੇ ਉਹ, ਹੋਰ ਹੀ ਦਿਨ ਆਏ
ਗੁਜਰਿਆ ਸਮਾਂ ਨਾ ਰਹੇ ਸੁਭਾਅ
ਵਿੱਸਰ ਚੱਲੇ ਮੌਜ ਵਰਤਮਾਨ ਦੇ
ਭਵਿੱਖਤ ਦੇ ਪਾਉਂਦੇ ਪਹੇਲੀਆਂ।
ਖਿੜਦੀ ਸੀ ਜਿਹੜੇ ਹੱਥੀਂ ਮਹਿੰਦੀ
ਜੋ ਪਾਉਂਦੀ ਸੀ ਗਿੱਧੇ ਛਣਕਾਰ
ਕੰਬਣੀ ਜਿੱਥੇ ਹੁਣ ਕਾਬਜ ਹੋਈ
ਉਹਨਾਂ ਵਿੱਚ ਮਾਲ਼ਾ ਫੜਾਈ ਸਹੇਲੀਆਂ।
ਦਾਤਣਾਂ ਵਣਾਂ ਦੀਆਂ ਉਜਾਲੇ ਕਰਦੀਆਂ
ਦੁੱਧਲੇ ਦੰਦਾਂ ਦੀ ਕਤਾਰ ਨੂੰ
ਛੋਟੀ ਗੱਲ ਤੇ ਮੋਤੀ ਬਣ ਨਿੱਕਲਦੇ
ਬੁੱਲ੍ਹਾਂ ਅੰਦਰ ਹੁਣ ਡਰਾਉਣੇ ਬੁੱਟ ਛੁਪਾਏ।
ਕਾਲ਼ੀਆਂ ਘਟਾਵਾਂ ਵਾਲ਼ਾਂ ਦੀਆਂ ਜ਼ੁਲਫ਼ਾਂ
ਉੱਡ ਉੱਠਦੀਆਂ ਨਾਗਣਾਂ ਬਣਕੇ
ਚਿੱਟੇ ਮੋਤੀਏ ਦੇ ਨਾਲ ਖਿੜਦੀਆਂ
ਜੂੜੇ ਵਿੱਚ ਹੁਣ ਚਿੱਟੇ ਵਾਲ ਸਜਾਏ।
ਪੰਖੜੀਆਂ ਗੁਲਾਬ ਦੀਆਂ ਪਤਲੇ ਲਾਲ ਹੋਂਠ
ਸ਼ਗਨਾਂ ਦੇ ਛੁਆਰੇ ਜਿੱਥੇ ਫਿੱਕੇ ਪੈਂਦੇ
ਸੁਰਖ਼ੀਆਂ ਦੇ ਨਾਲ ਖੂੰਨੀ ਰੂਪ ਧਾਰਦੇ
ਗੰਗਾ-ਜਲ ਹੁਣ ਬੁੱਲੀਆਂ ਤੇ ਛੁਹਾਏ।
ਸ਼ਰਾਬੀ ਅੱਖਾਂ ਵਿੱਚ ਸੁਫ਼ਨੇ ਸੀ ਮੌਲਦੇ
ਗੱਭਰੂਆਂ ਨਾਲ ਕਦੀ ਨੈਣ ਲੜਾਉਂਦੀ
ਹੱਸਦੇ ਰਹਿੰਦੇ ਨੇਤਰ ਉਹ
ਨਿਗ੍ਹਾਹੀਣ ਦੀਦੇ ਹੁਣ ਕੁਝ ਹੰਝੂ ਸਮਾਏ।
ਹਿਮਾਲਾ ਦੀਆਂ ਚੋਟੀਆਂ ਵਰਗੇ ਉੱਚੇ ਨਿਤੰਬ
ਜੁਆਨੀ ਨੂੰ ਚਾਰ ਚੰਦ ਲਾਉਂਦੀ ਪਤਲੀ ਕਮਰ
ਬਿਜਲੀ ਗਿਰਾਉਂਦੀਆਂ ਲੱਤਾਂ ਸੰਗਮਰਮਰੀ
ਕੱਸੇ ਅੰਗ ਹੁਣ ਢਲਣ ਨੂੰ ਆਏ।
ਹਿਰਨੀ ਦੇ ਵਾਂਗ ਚੁੰਗੀਆਂ ਭਰਦੀ ਰਹੀ
ਅਕਾਸ਼ਾਂ ਵਿੱਚ ਲਾਉਂਦੀ ਉਡਾਰੀਆਂ
ਬਾਲਪਣ ਤੇ ਜੁਆਨੀ ਅੱਖ ਦੇ ਫੋਰ ਲੰਘੇ
ਮੌਤ ਵੱਲ ਹੁਣ ਬੁਢਾਪਾ ਪੰਧ ਮੁਕਾਏ।