ਸੋਚਾਂ ਦਿਆਂ ਖੰਡਰਾਂ ਅੰਦਰ
ਭਟਕਦੇ ਖਿਆਲ ਬਣ
ਠੇਕਿਆਂ
... ਅਹਾਤਿਆਂ
ਪਹਾੜਾਂ
ਜੰਗਲਾਂ ਦੀ ਦਲਦਲ
ਨਸ਼ੇ ਦੀਆਂ ਬੋਤਲਾਂ ਅੰਦਰ
ਲੱਭਣ ਮਨ ਦਾ ਸਕੂਨ
ਇਹ ਮਰਜੀਵੜੇ ਕਵੀ
ਇਕ ਪੈਰ 'ਤੇ ਖੜੇ ਬਗਲੇ ਵਾਂਕਣ
ਪਏ ਮੱਛੀਆਂ ਨੂੰ ਟੋਲਦੇ
ਉੱਚੀ ਸੁਟ ਮੁੜ
ਚੂੰਜਾਂ ਵਿਚ ਬੋਚਦੇ
ਲਲਾਰੀਆਂ ਵਾਂਗ
ਸੁਪਨਿਆਂ ਨੂੰ ਰੰਗਦੇ
ਰੰਗਾਂ ਦੇ ਖੇਲ ਅੰਦਰ
ਲਭਣ ਮਨ ਦਾ ਸਕੂਨ
ਕਵਿਤਾ ਦੇ ਸਿਖਰ
ਚੜ੍ਹ ਜਾਣ 'ਚ ਮਗਣ
ਅੱਖਰਾਂ 'ਤੇ ਰਾਜ ਕਰਨ ਦੇ
ਹਊਮੈਂ 'ਚ ਬੈਠੇ ਸੱਜਣ
ਤਪਦੀਆਂ ਲੈਅਵਾਂ ਦੀ
ਭੱਠੀ ਦੀ ਸੁਰਖ ਅਗਨ
ਬਿੰਬਾਂ-ਪ੍ਰਤੀਬਿੰਬਾਂ ਦੇ
ਬਿਰਖਾਂ ਦੀ ਛਾਂ ਹੇਠਾਂ
ਲੱਭਣ ਮਨ ਦਾ ਸਕੂਨ
ਉਦਾਸੀਆਂ ਦੇ ਰੇਗਿਸਤਾਨ
ਪਿਆਸੇ ਹਿਰਨਾਂ ਦੀਆਂ ਡਾਰਾਂ
ਮ੍ਰਿਗ-ਤ੍ਰਿਸ਼ਨਾ ਦੇ ਭਾਣੇ
ਨੀਰ ਭਾਲਦੀਆਂ
ਕਬਰਸਤਾਨ 'ਚ ਮੋਇਆਂ ਜ਼ਜਬਿਆਂ ਦੀ
ਠੰਡੀ ਰਾਖ 'ਚੋਂ
ਫੁਲ ਟੋਲਦੀਆਂ
ਭੂਤ ਭੁਤਾਣੇ ਵਿਚ ਉਡਦੀਆਂ
ਰੇਤੇ ਦੀਆਂ ਧਾਰਾਂ ਮਧੋਲਦੇ
ਲੱਭਣ ਮਨ ਦਾ ਸਕੂਨ
ਹਵਾ ਨੂੰ
ਕਲਾਵਿਆਂ 'ਚ ਲੈਣ ਦਾ
ਵਹਿਮ ਪਾਲਦੇ
ਮਸਤ ਹਾਥੀਆਂ ਵਾਂਗ
ਅਰਸ਼ਾਂ ਨੂੰ ਪੈਰਾਂ ਥੱਲੇ ਮਧੇੜਦੇ
ਖੁਸ਼ਬੂਆਂ ਨੂੰ ਰਲਾ
ਈਰਖਾ ਦੇ ਧੂੰਏਂ ਅੰਦਰ
ਕਾਵਿਕਤਾ ਦੇ ਬਿਰਖਾਂ ਨਾਲੋਂ
ਅੱਖਰ ਅੱਖਰ ਨਿਖੇੜਦੇ
ਲੱਭਣ ਮਨ ਦਾ ਸਕੂਨ
ਨਾਨਕ ਤੋਂ ਸ਼ਿਵ ਤਕ
ਪੋਤੜੇ ਫਰੋਲਦੇ
ਪਾਤਰਾਂ ਦੇ ਖੂਹਾਂ ਵਿਚੋਂ
ਨੰਨ੍ਹੀਆਂ ਲਾਸ਼ਾਂ ਉਗਾਲਦੇ
ਅੱਖਰਾਂ ਦੀ ਲਾਬ ਪੁਟ
ਰੱਕੜਾਂ 'ਤੇ ਮਰੋੜਦੇ
ਲੱਭਣ ਮਨ ਦਾ ਸਕੂਨ
ਰੰਗ ਸ਼ਬਦ ਆਪਣੇ ਰੰਗ
ਦੂਰ ਅਸਮਾਨੀਂ ਦੇਂਦੇ ਟੰਗ
ਬਦਸੂਰਤ ਬਣਾ
ਬਿਗਾੜ ਦਿੰਦੇ ਨਸਲ
ਤਾਣ ਛਾਤੀ ਤਾਨਸੇਨ ਨੂੰ
ਬੇਸੁਰਾ ਨਾ ਕਹਿਣੋ ਹਟਦੇ
ਅਹਿਸਾਸਾਂ ਦੀ ਟੋਕਰੀ ਅੰਦਰ
ਵਾਂਗ ਸਪੋਲੀਏ ਛੁਪਦੇ
ਲੱਭਣ ਮਨ ਦਾ ਸਕੂਨ
ਦੇਖ ਅਲਫ਼ ਨੰਗੀਆਂ ਦੇਹਾਂ
ਕਾਮ ਕਰੀੜਾ ਅੰਦਰ ਲੀਣ
ਕਵਿਤਾਵਾਂ ਇੰਦਰੀਆਂ ਬਣ
ਭੋਗ ਬਿਲਾਸ 'ਚ ਮਗਣ
ਬੈਠ ਮਿੱਤਰਾਂ ਦੇ ਮੈਹਖਾਨੇ
ਅੱਖਰਾਂ ਦਾ ਦੀਵਾ ਬਾਲ ਮੱਥੇ
ਸ਼ਿਵ ਰੂਪ ਧਾਰ
ਗ਼ਜ਼ਲਾਂ ਤਾਂਡਵ ਨਾਚ ਕਰਨ
ਲੱਭਣ ਮਨ ਦਾ ਸਕੂਨ
ਇਹ ਮਰਜੀਵੜੇ ਕਵੀ........
ਗੋਵਰਧਨ ਗੱਬੀ