ਸੁਣ ਕਵਿਤਾ ਨੀ ਤੈਨੂੰ ਕਵੀ 'ਵਾਜ਼ਾਂ ਮਾਰਦਾ!
ਤੇਰੇ ਰਾਹੀਂ ਪਤਾ ਮਿਲੇ ਰੂਹਾਂ ਦੇ ਦੁਆਰ ਦਾ
ਤੈਥੋਂ ਬਿਨਾ ਜੀਅ ਕਰੇ ਸਾਧ ਬਣ ਜਾਵਾਂ ਮੈਂ
ਮਹਿਲ-ਮਾੜੀਆਂ ਦੇ ਵਿਚ ਲਗਦਾ ਨਿਥਾਵਾਂ ਮੈਂ
ਬਹੁੜੀ ਮੇਰਾ ਲੂੰ ਲੂੰ ਹੁਣ ਤੈਨੂੰ ਹੈ ਪੁਕਾਰਦਾ…………
ਤੇਰੇ ਨਾਲ ਤੋਰ ਵਿਚ ਅਟਕ ਮਟਕ ਆਉਂਦੀ ਹੈ
ਨਾਵੇਂ ਸਿਰਨਾਵੇਂ ਨੂੰ ਇਹ ਚਾਰ ਚੰਨ ਲਾਉਂਦੀ ਹੈ
ਧੁਖ ਰਹੇ ਸੀਨਿਆਂ ਨੂੰ ਬੋਲ ਮੇਰਾ ਠਾਰਦਾ…………..
ਫ਼ੱਕਰਾਂ ਦੇ ਵਾਂਗ ਸਾਰੀ ਉਮਰ ਬਿਤਾਈ ਹੈ
ਘਰ ਪਰਿਵਾਰ ਬਣੀ ਸਾਰੀ ਇਹ ਲੋਕਾਈ ਹੈ
ਹਿੱਕ 'ਚ ਹੰਢਾਵਾਂ ਦੁੱਖ ਸੋਹਣਿਆ ਮੈਂ ਯਾਰ ਦਾ…………
ਤੇਰੇ ਆਉਣ ਨਾਲ ਨੀ ਖ਼ਜ਼ਾਨਾ ਜਿਵੇਂ ਲੱਭਦਾ
ਭਾਗਾਂ ਨਾਲ ਮੇਲ ਹੋਵੇ ਕਵੀ ਅਤੇ ਰੱਬ ਦਾ
ਦੁਨੀਆ ਦੇ ਬੈਠ ਕੇ ਹਾਂ ਦੁੱਖੜੇ ਚਿਤਾਰਦਾ……..
ਸ਼ਬਦਾਂ ਦੇ ਝੁੰਡ ਮੇਰੇ ਕੋਲ ਪਏ ਨੇ ਆਂਵਦੇ
ਰਾਗ਼ ਵਿਚ ਘੁਲ ਮਿਲ ਲਹਿਰਾਂ ਨੇ ਜਗਾਂਵਦੇ
ਸੋਕਿਆਂ 'ਚ ਗੀਤ ਬਣਾਂ ਆਸ ਤੇ ਬਹਾਰ ਦਾ…………..
ਖ਼ੰਡਰਾਂ-ਖ਼ਤਾਨਾਂ ਉੱਤੇ ਨਜ਼ਰਾਂ ਟਿਕਾਂਵਦਾ
ਦੂਰ ਗਏ ਸੱਜਣਾਂ-ਸਨੇਹੀਆਂ ਨੂੰੰ ਬੁਲਾਂਵਦਾ
ਬੀਤੇ ਨੂੰ ਵੀ ਬੰਨ੍ਹ ਕੇ ਹਾਂ ਕੋਲ ਖਲ੍ਹਿਆਰਦਾ…………..
ਤੇਰੇ ਸੰਗ-ਸਾਥ ਵਿਚ ਭਰਾਂ ਪਰਵਾਜ਼ ਮੈਂ
ਦਿਲਾਂ 'ਚ ਜਗਾਵਾਂ ਸਦਾ ਵੇਦਨਾ ਦੇ ਰਾਜ਼ ਮੈਂ
ਬਿਨਾਂ ਤੇਰੇ ਦੁੱਖੜੇ ਹਾਂ ਦੇਹੀ ਤੇ ਸਹਾਰਦਾ……..