ਬਲਾਤਕਾਰ -1-
-------
ਸਵੇਰੇ ਮਾਂ ਛੱਡ ਗਈ ਸੀ
ਅਰਬਨ ਇਸਟੇਟ ਵਾਲੇ ਸੇਠ ਦੇ ਘਰ
ਕਹਿੰਦੀ ਸੀ
ਚੱਜ ਨਾਲ ਸਫਾਈ ਕਰੀਂ
ਸਿਕਾਇਤ ਨਾ ਆਵੇ ।
ਪਰ ਸੇਠ ਦੀ ਮੈਲੀ ਨੀਅਤ
ਮੈਂਥੋਂ ਹੋਈ ਨਾ ਸਾਫ
ਤੇ ਮਾਂ ਤੋਂ ਡਰਦੀ
ਮੈਂ ਰੋ ਵੀ ਨਾ ਸਕੀ
ਜਦੋਂ ਸੇਠ ਨੇ
ਪੋਲੇ ਜਹੇ ਆਣ ਟੋਹਿਆ
ਮੇਰੀਆਂ ਪੂੰਗਰਦੀਆਂ ਛਾਤੀਆ
ਦਾ ਮਾਸ ।
ਉਂਝ ਮੈਨੂੰ ਮਹਿਸੂਸ ਤਾਂ ਹੋਇਆ ਸੀ
ਪਰ ਪਤਾ ਨਹੀ ਸੀ
ਕਿ ਇਸਨੂੰ ਹੀ
ਬਲਾਤਕਾਰ ਕਹਿੰਦੇ ਨੇ ।
***
ਬਲਾਤਕਾਰ -2-
-------
ਮੈਂ ਕਿਤਾਬ 'ਚ ਮੁੰਹ ਲੁਕਾਈ
ਗਿੱਲ੍ਹੀਆਂ ਅੱਖਾਂ ਨਾਲ
ਚੁੱਪ ਚਾਪ ਪੜਦੀ ਰਹੀ
ਸੰਸਕਾਰਾਂ ਦਾ ਪਾਠ
ਡਰਦੀ ਸੀ
ਪਤਾ ਲੱਗਾ ਤਾਂ ਪਿਉ ਨੇ
ਹਟਾ ਲੈਣੈ ਪੜਨੋ
ਤੇ ਦਸਵੀਂ 'ਚ
ਤਿੰਨ ਵਾਰ ਫੇਲ ਹੋਇਆ
ਪਟਵਾਰੀਆਂ ਦਾ ਮੁੰਡਾ
ਫੇਰਦਾ ਰਿਹਾ ਮੇਰੇ ਪੱਟਾਂ ਤੇ ਹੱਥ ।
ਉਂਝ ਮੈਨੂੰ ਮਹਿਸੂਸ ਤਾਂ ਹੋਇਆ ਸੀ
ਪਰ ਪਤਾ ਨਹੀ ਸੀ
ਕਿ ਇਸਨੂੰ ਹੀ
ਬਲਾਤਕਾਰ ਕਹਿੰਦੇ ਨੇ ।
***
ਬਲਾਤਕਾਰ -3-
-------
ਮੋਮੀ ਲਿਫਾਫੇ 'ਚ
ਵਾਪਿਸ ਪਾ ਲਏ
ਡਿਗਰੀਆਂ ਤੇ ਸਰਟੀਫਿਕੇਟ
ਠੰਡੇ ਦਫਤਰ 'ਚ ਬੈਠ
ਮੇਰੇ ਮੱਥੇ ਤੋਂ ਡਿੱਗ
ਮੇਰੀਆਂ ਛਾਤੀਆਂ ਵਿਚਕਾਰਲੇ
ਡੂੰਗ 'ਚ ਜਾਂਦੀ
ਮੁੜਕੇ ਦੀ ਬੂੰਦ ਨੂੰ ਨੀਝ ਨਾਲ ਵੇਖਦੇ
ਵੱਡੇ ਸਾਬ ਵੱਲੋਂ ਪੁੱਛੇ
ਸਵਾਲ ਦੇ ਜਵਾਬ 'ਚ ਦੱਸ ਦਿਤਾ
ਮੈਂ ਸਰੀਰ ਦੇ ਅੰਗਾ ਦਾ ਨਾਪ
ਡਰ ਗਈ ਸੀ
ਅਗਲੀ ਵਾਰ ਨਹੀ
ਦੇ ਸਕਣਾ ਮਾਪਿਆਂ
ਸ਼ਹਿਰ ਆਉਣ ਲਈ
ਬੱਸ ਦਾ ਕਰਾਇਆ ।
ਉਂਝ ਮੈਨੂੰ ਮਹਿਸੂਸ ਤਾਂ ਹੋਇਆ ਸੀ
ਪਰ ਪਤਾ ਨਹੀ ਸੀ
ਕਿ ਇਸਨੂੰ ਹੀ
ਬਲਾਤਕਾਰ ਕਹਿੰਦੇ ਨੇ ।
***
ਬਲਾਤਕਾਰ -4-
-------
ਅੰਦਰ ਆਉਂਦਿਆਂ ਹੀ
ਉਹਨੇ ਵਗਾਹ ਕੇ ਪਰੇ ਮਾਰੀ
ਮੇਰੀ ਘੁੰਡ ਵਾਲੀ ਚੁੰਨੀ
ਤੇ ਆਣ ਸੁੱਟਿਆ
ਮੇਰੇ ਬੁੱਲਾਂ 'ਤੇ
ਸ਼ਰਾਬ ਦੀ ਸੜਾਂਦ ਵਾਲਾ ਚੁੰਮਣ
ਫਿਰ ਮੇਰੇ ਖਵੰਦ ਦੀ
ਹੋਸ਼ ਗਵਾਚੀ ਹਵਸ ਨੇ
ਤੋੜ ਦਿੱਤਾ ਮੇਰੀ ਸਲਵਾਰ ਦਾ ਨਾਲਾ
ਕਿਉਂਕਿ ਖਿੱਚੋਤਾਣੀ 'ਚ ਪੈ ਗਈ ਸੀ
ਪੀਚਵੀਂ ਗੰਡ ।
ਉਹ ਨੋਚਦਾ ਰਿਹਾ ਮੇਰੇ ਅੰਗ
ਤੇ ਮੈਂ ਡਰਦੀ ਬਚਾਉਂਦੀ ਰਹੀ
ਲੀਰੋ ਲੀਰ ਹੋਣੋ
ਬਾਪ ਦੀ ਪੱਗ ।
ਉਂਝ ਮੈਨੂੰ ਮਹਿਸੂਸ ਤਾਂ ਹੋਇਆ ਸੀ
ਪਰ ਪਤਾ ਨਹੀ ਸੀ
ਕਿ ਇਸਨੂੰ ਹੀ
ਬਲਾਤਕਾਰ ਕਹਿੰਦੇ ਨੇ ।
***
ਬਲਾਤਕਾਰ -5-
-------
ਅੱਜ ਮੈਂ ਆਪਣੇ
ਮਕਾਨ ਦੇ ਬਾਹਰ ਲੱਗੀ ਫੱਟੀ 'ਤੋਂ
ਮਾਪਿਆਂ ਦਾ ਰੱਖਿਆ ਨਾਂ ਮਿਟਾ ਕੇ
ਲਿੱਖ ਦਿੱਤਾ ਹੈ ਵੇਸਵਾ
ਤੇ ਪਲੰਗ 'ਤੋਂ
ਡਰ ਦੀ ਮੈਲੀ ਚਾਦਰ ਚੁੱਕ ਕੇ
ਵਛਾ ਦਿੱਤੀ ਹੈ
ਬੇਸ਼ਰਮੀ ਦੀ ਸਾਫ ਚਾਦਰ
ਤੇ ਹੁਣ
ਅਰਬਨ ਅਸਟੇਟ ਵਾਲਾ ਸੇਠ
ਪਟਵਾਰੀਆਂ ਦਾ ਮੁੰਡਾ
ਵੱਡੇ ਦਫਤਰ ਵਾਲਾ ਸਾਬ
ਤੇ ਮੇਰਾ ਸ਼ਰਾਬੀ ਖਵੰਦ
ਸਾਰੇ ਬੜੇ ਸੱਭਿਅਕ ਹੋ ਗਏ ਨੇ ।
ਉਂਝ ਮੈਨੂੰ
ਚੰਗੀ ਤਰ੍ਹਾਂ ਪਤਾ ਹੈ
ਕਿ ਇਸਨੂੰ ਹੀ
ਬਲਾਤਕਾਰ ਕਹਿੰਦੇ ਨੇ ।
ਮੀਤ ਅਨਮੋਲ