ਮੈਂ ਹੁਣ ਕੀ ਹਾਂ ? ਬੱਸ,
ਉਜੜਿਆ ਹੋਇਆ ਇਕ ਖੂਹ !
ਜਿਸ ਤੋ ਜਿੰਦ ਵਿਜੋਗਨ ਹੋਈ ,
ਉਸ ਲਈ ਭਟਕੇ ਰੂਹ !
ਹੁਸਨ੍ਪਰੀ ਨੇ ਜਿਸ ਤੋ ਪੀਤਾ,
ਰਜ ਇਸ਼ਕ ਦਾ ਪਾਣੀ !
ਉਥੇ ਚਮਗਿਦੜਾਂ ਦੀ ਫੇਰੀ,
ਤੇ ਮੱਕੜੀਆਂ ਦੀ ਤਾਣੀ !
ਜਿਸ ਤੋਂ ਕਿਸੇ ਪਿਆਸੇ ਬੁਲ੍ਹਾਂ ,
ਰੂਹ ਦੀ ਤਪਸ਼ ਮਿਟਾਈ !
ਜਿਸ ਦੇ ਡੂੰਘੇ ਪਾਣੀਆ ਸੰਦੀ ,
ਡੂੰਘੀ ਪ੍ਰੀਤ ਕੋਈ ਪਾਈ
ਜਿਸ ਪਾਸ ਚਲ ਨਵੀਂ ਸਵੇਰੇ
ਧਰਤ ਜਾਈ ਕੋਈ ਆਉਂਦੀ !
ਮੂੰਹ ਦੇ ਉਤੇ ਸ਼ਰਮ ਦੀ ਲਾਲੀ ,
ਅਗ ਪਾਣੀਆਂ ਨੂੰ ਲਾਉਂਦੀ !
ਗੀਤ ਛੇੜ ਕਿ ਪ੍ਰਿਆ-ਮਿਲਣ ਦਾ ,
ਜਿੰਦ ਇਹ ਰਹੀ ਤਿਰਹਾਈ !
ਐਸੀ ਕੋਈ ਕਰੋਪੀ ਹੋ ਗਈ ,
ਮੁੜ ਨਾ ਫੇਰੀ ਪਾਈ
ਕੌਣ ਕਹੇ ਕਿ ਕਦੇ ਬਹਾਰਾਂ ,
ਇਥੇ ਚਰਨ ਭੀ ਪਾਏ !
ਕੌਣ ਕਹੇ ਕਿ ਦੋ ਪਰਛਾਈਆਂ,
ਸਦਾ ਲਈ ਰਾਹ ਵਟਾਏ !
ਬਿਰਹਾਂ ਦੀ ਸਰਦਲ ਤੇ ਅਸਾਂ,
ਹੰਝੂ ਸ਼ਗਨਾ ਦੇ ਚੋਏ !
ਜੋਬਨ ਰੁਤੇ ਚਾਅ ਕੁਆਰੇ ,
ਵਿਲਕ ਵਿਲਕ ਫਿਰ ਰੋਏ !
ਜਿੰਦ ਬੀਤ ਗੇਈ ਵਿਚ ਉਡੀਕਾਂ ,
ਸਜਨ ਨਾ ਮੁੜ ਆਏ !
ਮੜ੍ਹੀ ਸਾਡੀ ਤੇ ਕਈ ਬਰਸਾਤਾਂ ,
ਰਜ ਰਜ ਨੀਰ ਵਹਾਏ !
ਮੈਂ ਹੁਣ ਕੀ ਹਾਂ ? ਬੱਸ,
ਉਜੜਿਆ ਹੋਇਆ ਇਕ ਖੂਹ !
ਜਿਸ ਤੋ ਜਿੰਦ ਵਿਜੋਗਨ ਹੋਈ ,
ਉਸ ਲਈ ਭਟਕੇ ਰੂਹ !
- ਮਹਿੰਦਰ ਸਿੰਘ ਪਤਾਰਵੀ