|
|
| ""ਕਮੀਨੀ"" |
ਇਹ ਕਵਿਤਾ ਮੇਰੇ ਜਨਮ ਦਿਨ ਤੇ ਉਸ ਇਨਸਾਨ ਵੱਲੋਂ ਸਭ ਤੋਂ ਵੱਡਾ ਤੋਹਫ਼ਾ ਹੈ ਮੇਰੇ ਲਈ, ਜਿਸਨੇ ਮੇਰੇ ਜ਼ਿਹਨ 'ਚ ਇਸ ਦੀ ਸਰੰਚਣਾ ਕਰਵਾਈ ਤੇ ਇੱਕ ਵਾਰ ਫੇਰ ਮੈਨੂੰ ਇਹ ਅਹਿਸਾਸ ਦੁਆਇਆ ਕਿ.... ਕਸਮੇਂ, ਵਾਅਦੇ, ਪਿਆਰ, ਵਫ਼ਾ... ਸਭ ਬਾਤੇਂ ਹੈਂ..ਬਾਤੋਂ ਕਾ ਕਿਆ... ਸ਼ੁਕਰੀਆ ਉਸਦਾ....
""ਕਮੀਨੀ""
ਬੜਾ ਸੋਚਿਆ ਕਿ ਮੈਂ 'ਕੁੜੀਆਂ ਵਾਂਗ' 'ਧੀ ਧਿਆਣੀਆਂ ' ਵਾਂਗ ਜੀਵਾਂ, ਸ਼ਰੀਫ਼ ਕੁੜੀ ਬਣਕੇ....
ਪਰ... ਕਿਸ ਨਾਲ? ਕੀਹਦੇ ਲਈ? ਉਹਨਾਂ ਅਖੌਤੀ 'ਆਪਣਿਆਂ' ਲਈ, ਜਿੰਨਾਂ ਜਦੋਂ ਦਿਲ ਕੀਤਾ ਲੀਰਾਂ ਦੀ ਖਿੱਦੋ ਵਾਂਗ ਮੇਰੇ ਦਿਲ ਨਾਲ ਖੇਡਿਆ, ਤੇ ਜਦੋਂ ਦਿਲ ਕੀਤਾ ਫੇਰ ਪੁਚਕਾਰ ਕੇ ਗਲ਼ੇ ਲਗਾ ਲਿਆ....
ਜਾਂ ਉਸ ਨਾਲ ਸ਼ਰਾਫ਼ਤ ਦਿਖਾਵਾਂ, ਜੀਹਦੇ ਕਸਮਾਂ, ਵਾਅਦੇ ਮੇਰੇ ਜਿਸਮ ਦੀ ਤਪਸ਼ 'ਚ ਏਨੇ ਪਿਘਲ ਗਏ ਕਿ ਉਹਦੇ ਨਿੱਖਰੇ ਸੁਪਨਿਆਂ ਦੇ ਮਿਆਰ ਮੁਤਾਬਿਕ ਮੈਂ ਉਹਦੀ "ਸੂਫ਼ੀਆਨਾ" ਨਜ਼ਰ 'ਚ ਬਦਸੂਰਤ ਹਾਂ। ......ਤੇ ਅੱਜ ਉਹ ਸਮੁੰਦਰ ਦੇ ਵਲਵਲਿਆਂ 'ਚੋਂ ਡੁਬਕੀ ਮਾਰਕੇ ਖ਼ਜ਼ਾਨੇ ਕੱਢ ਲਿਆਉਣ ਦਾ ਦਾਅਵੇਦਾਰ, ਮੁਹੱਬਤ ਨਾਮੀ ਖਜ਼ਾਨੇ ਨੂੰ ਠੋਕਰ ਮਾਰਕੇ ਰੰਗੀਨ ਪਾਲਿਸ਼ ਕੀਤੇ ਮੋਤੀਆਂ 'ਚ ਗੁਆਚ ਗਿਐ।
ਜਾਂ ਉਸ ਜ਼ਮਾਨੇ ਨਾਲ ਕਦਮ ਮਿਲਾਵਾਂ, ਜਿੱਥੇ ਇੱਕ ਸਮਾਜ ਸੁਧਾਰਕ ਬਾਪ, ਆਪਣੇ ਪੁੱਤ ਨੂੰ ਇੱਕ ਤਲਾਕਸ਼ੁਦਾ " ਕੁੜੀ " ਨਾਲ ਪਿਆਰ ਕਰਨ ਤੋਂ ਵਰਜਦਾ ਐ..... ਕਿਉਂ ਜੋ ਸਮਾਜ 'ਚ ਉਹਦੀ ਵੀ ਕੋਈ ਇੱਜ਼ਤ ਐ।
ਮੈਂ ਨਹੀਂ "ਧੀ ਧਿਆਣੀ" ਨਾ ਕੋਈ " ਬੀਬੀ ਰਾਣੀ ", ਮੈਨੂੰ " ਬਾਗੀ " , " ਕਮੀਨੀ " ਸ਼ਬਦ ਹੀ ਸ਼ੋਭਦੇ ਨੇ, ਨਹੀਂ ਸਵੀਕਾਰਾਂਗੀ ਮੈਂ ਉਸ ਬਾਪ ਦੀ ਵਰਜ.... ਤੇ ਨਾ ਹੀ ਉੁਸ ਸਨਾਵਰ*** ਦੀ ਅਸਵੀਕਾਰਤਾ, ਨਹੀਂ ਚਾਹੀਦਾ ਮੈਨੂੰ ਐਸਾ ਸ਼ਰੀਫ਼ ,ਇੱਜ਼ਤਦਾਰ ਸਮਾਜ !! ਤੇ ਨਾ ਹੀ ਐਸੀ ਸੂਫ਼ੀਆਨਾ ਰੰਗਤ !!! ਜੋ ਮੇਰੀਆਂ ਖ਼ੂਬਸੂਰਤ ਅੱਖਾਂ ਨੂੰ ਏਨਾ ਕੱਜ ਦੇਵੇ ਕਿ ਮੈਂ ਸਿਰਫ਼ ਬਾਹਰੀ ਸੁੰਦਰਤਾ ਦੀ ਮੁਥਾਜ ਬਣ ਕੇ ਰਹਿ ਜਾਵਾਂ।
ਨਹੀਂ ਚਾਹੀਦੇ ਮੈਨੂੰ ਐਸੇ ਸੁਪਨੇ ਤੇ ਵਾਅਦੇ ਜਿਹੜੇ ਕਿਸੇ ਬਾਪ- ਬੇਟੇ ਦੀ ਇਜ਼ਾਜ਼ਤ ਨਾਲ ਹੀ ਪੁੰਗਰਣ ਤੇ ਅਚਾਨਕ ਮੇਰੀ ਬਦਸੂਰਤੀ ਕਰਕੇ ਢਹਿ ਢੇਰੀ ਹੋ ਜਾਣ।
ਨਹੀਂ ਚਾਹੀਦਾ ਕਿਸੇ ਐਸੇ ਆਪਣੇ ਦਾ ਸਾਥ, ਤੇ ਨਾ ਹੀ ਐਸਾ ਅਖੌਤੀ ਰੂਹ ਦਾ ਸਾਥੀ.... ਮੈਂ ਇਕੱਲੀ ਬਦਸੂਰਤ ਹੀ ਖ਼ੁਸ਼ , ਪਰ ਅਸੰਤੁਸ਼ਟ ਹਾਂ, ....ਤੇ ਮੇਰੀ ਇਸ ਅਸੰਤੁਸ਼ਟੀ ਨੂੰ ਮਿਟਾਉਣ ਲਈ ਮੈਨੂੰ ਸੁਘੜ ਸਿਆਣੀ ਜਾਂ ਧੀ ਧਿਆਣੀ ਨਹੀਂ, ਬਾਗੀ ਤੇ ਕਮੀਨੀ ਕਹੋ... ਮੈਨੂੰ ਕਮੀਨੀ ਕਹੋ। (***snavar urdu da ikk shabad hai, jis da arth hai samundar dian lehran wich gotey lga k khzane labh k liaaun wala)) ਜੱਸੀ ਸੰਘਾ
|
|
20 Jun 2010
|