ਬੰਦੂਕਾਂ ਜਾਂ ਇਸ਼ਕ ਮਾਸ਼ੂਕਾਂ ਦੀ ਗੱਲ,
ਉਏ ਕੋਈ ਤਾਂ ਕਰੋ ਸਲੂਕਾਂ ਦੀ ਗੱਲ,
ਬੰਦਾ , ਬੰਦੇ ਦਾ ਵੈਰੀ ਕਰਿਆ ,
ਸੱਚ ਦਾ ਚਾਨਣ ਡਰਿਆ ਡਰਿਆ,
ਅੱਲੇ ਜ਼ਖ਼ਮ ਚੌਰਾਸੀ ਦੀ ਰੁੱਤ ਦੇ,
ਕਰਨੀ ਬਣਦੀ ਫੂਕਾਂ ਦੀ ਗੱਲ,
ਬੰਦੂਕਾਂ ਜਾਂ ਇਸ਼ਕ ਮਾਸ਼ੂਕਾਂ ਦੀ ਗੱਲ,
ਉਏ ਕੋਈ ਤਾਂ ਕਰੋ ਸਲੂਕਾਂ ਦੀ ਗੱਲ
ਕੰਧਾਂ ਟੱਪਣ ਨੂੰ ਜੇਰੇ ਨਾ ਦੱਸੋ,
ਨਸ਼ਿਆਂ ਨੂੰ ਹਾਣ ਲੰਮੇਰੇ ਨਾ ਦੱਸੋ,
ਸਿਰ ਝੁਕਿਆ ਨਾ, ਹਾਰੀ ਹਕੂਮਤ,
ਕਰੋ ਉਹ ਜਿੰਦਾਂ ਮਲੂਕਾਂ ਦੀ ਗੱਲ,
ਬੰਦੂਕਾਂ ਜਾਂ ਇਸ਼ਕ ਮਾਸ਼ੂਕਾਂ ਦੀ ਗੱਲ,
ਉਏ ਕੋਈ ਤਾਂ ਕਰੋ ਸਲੂਕਾਂ ਦੀ ਗੱਲ,
ਨਾ ਬੁੱਲਾ ਵਿਸਾਰੋ,ਪਾਤਰ ਨਾ ਰੋਲ਼ੋ,
ਪਾਸ਼ , ਉਦਾਸੀ , ਭਗਤ ਫਰੋਲ਼ੋ
ਵੀਰ, ਅੰਮ੍ਰਿਤਾ, ਕੰਵਲ ਨੂੰ ਖੋਜੋ,
ਕਰ ਸ਼ਿਵ ਦੇ ਦਿਲ ਦੀਆਂ ਹੂਕਾਂ ਦੀ ਗੱਲ
ਬੰਦੂਕਾਂ ਜਾਂ ਇਸ਼ਕ ਮਾਸ਼ੂਕਾਂ ਦੀ ਗੱਲ,
ਉਏ ਕੋਈ ਤਾਂ ਕਰੋ ਸਲੂਕਾਂ ਦੀ ਗੱਲ
-: Sarab Pannu
|