ਵਕ਼ਤ ਦੇ ਅੰਤ ਤਈ ਲੇਖ ਬਿਗੜਨੇ ਦੀ ਹੈ ਗੱਲ
ਕੋਈ ਛੋਟੀ ਤਾਂ ਨਹੀਂ ਤੈਥੋਂ ਵਿਛੜਨੇ ਦੀ ਹੈ ਗੱਲ
ਦਿਲ ਤੇ ਗੂੜਾ ਲਿਖੇ ਹੱਥਾਂ ਤੋਂ ਸਾਫ਼ ਮੇਟ ਦਏ
ਨਾ ਲੜਾਂ ਕਿਉਂ ਖੁਦਾ ਦੇ ਨਾਲ,ਝਗੜਨੇ ਦੀ ਹੈ ਗੱਲ
ਤੇਰੇ ਬਗੈਰ ਜੇ ਜੀਵਨ ਤਾਂ ਫੇਰ ਕੀ ਹੋਇਆ
ਮੇਰਾ ਮਰਨਾ ਕੀ ਭਲਾ ਅੱਡੀਆਂ ਰਗੜਨੇ ਦੀ ਹੈ ਗੱਲ
ਦਿਲ ਤਾਂ ਲਗਦਾ ਹੀ ਨਹੀਂ ਤੇਰੇ ਬਿਨ ਲਗਾਇਆ ਬਹੁਤ
ਕਿਸੀ ਦਰਖਤ ਦੇ ਪੈਰੋਂ ਹੀ ਉਖੜਨੇ ਦੀ ਹੈ ਗੱਲ
ਲਵੀ ਬਹਾਰ ਦੀ ਹਿੱਕ ਤੇ ਖਿੜੇਂਦੇ ਸੂਹੇ ਇਹ ਫੁਲ
ਉਦਾਸ ਮੌਸਮਾਂ ਦਾ ਖੂਨ ਨਿਚੜਨੇ ਦੀ ਹੈ ਗੱਲ
ਉਚਾਟ ਧੜਕਣਾਂ ਦਾ ਬੇਮੁਹਾਰ ਹੋ ਜਾਣਾ
ਜਿਉਣ ਕਾਫਿਲੇ ਦੇ ਪੰਧ ਬਿਖੜਨੇ ਦੀ ਹੈ ਗੱਲ