ਔਹ ਨੀਮ ਪਿਆਜੀ ਚੁੰਨੀ ਵਾਲੀ
ਹਰੀਆਂ ਚਿਟੀਆਂ ਚੂੜੀਆਂ ਵਾਲੀ
ਕੁੜੀ ਵਿਚਾਰੀ,
ਨਿਤ ਦਿਹਾੜੀ,
ਲਾਇਬਰੇਰੀ ਦੀਆਂ ਸ਼ੈਲਫਾ ਦੇ ਵਿਚ ਕੀ ਕਰਦੀ ਹੈ?
ਪਤਾ ਨਹੀਂ ਉਹ ਕੀ ਕਰਦੀ ਹੈ?
ਕਾਗਜ਼ ਦੀ ਕਿਸ਼ਤੀ ’ਤੇ ਚੜ੍ਹਕੇ,
ਸ਼ਬਦਾਂ ਦੇ ਸਾਗਰ ਵਿਚ ਰੋਜ਼ ਉਤਰਦੀ ਹੈ।
ਨਾ ਡੁੱਬਦੀ, ਨਾ ਤਰਦੀ ਹੈ,
ਸਾਰਾ ਦਿਨ ਇੰਝ ਬਿੰਦ-ਝਟ,
ਜਿਉਂਦੀ ਮਰਦੀ ਹੈ।
ਇੰਜ ਭਲਾ ਉਹ ਕਿਉੰ ਮਰਦੀ ਹੈ?
ਪਤਾ ਨਹੀਂ ਉਹ ਕਿਉਂ ਮਰਦੀ ਹੈ?
ਚੜ੍ਹਦੀ ਉਮਰੇ ਢਲਦੀ ਰੁੱਤ ਦਾ,
ਨਵਾਂ ਐਡੀਸ਼ਨ ਪੜ੍ਹਦੀ ਹੈ:
ਡਸਟ ਕਵਰ ਤੋਂ ਐਵੇਂ ਕਮਲੀ ਡਰਦੀ ਹੈ
ਸਾੜ੍ਹੀ ਵਾਂਗਰ ‘ਆਥਰ’ ਰੌਜ਼ ਬਦਲਦੀ ਹੈ
ਘੰਟਿਆਂ ਬੱਧੀ “ਰੈਫਰੈਂਸ ਬੁੱਕ ਸੈਕਸ਼ਨ” ’ਚ
’ਕੱਲਿਆਂ ਖੜ੍ਹਦੀ ਹੈ।
ਕੀ ਗੁੰਮ ਸੁੰਮ ਗੱਲਾਂ ਕਰਦੀ?
ਪਤਾ ਨਹੀਂ ਕੀ ਗੁੰਮ ਸੁੰਮ ਗੱਲਾਂ ਕਰਦੀ ਹੈ?
ਸੋਚੋ ਜਿਸ ਦਿਨ ਕੁੜੀ ਵਿਚਾਰੀ,
ਲਾਇਬਰੇਰੀ ਵਿਚ ਨਾ ਆਵੇਗੀ।
ਕੱਲਿਆਂ ਆਪਣੇ ਆਪ ਨੂੰ ਕਿੰਜ ਪਰਚਾਵੇਗੀ
ਮਾਂ ਤੋਂ ਡਰਦੀ, ਬਾਪ ਤੋਂ ਸੰਗਦੀ
ਬਾਥਰੂਮ ਵਿਚ ਲੁਕ ਜਾਵੇਗੀ
ਪਹਿਲਾਂ ਰੋ ਕੇ ਫਿਰ ਮੂੰਹ ਧੋ ਕੇ
ਫਿਰ ਇਹ ਵਾਲ ਬਣਾਵੇਗੀ
ਅਜਕਲ ਆਪਣੀ ਅੰਮੀ ਤੋਂ ਉਹ
ਏਨਾ ਵੀ ਭਲਾ ਕਿਉਂ ਡਰਦੀ ਹੈ?
ਪਤਾ ਨਹੀਂ ਉਹ ਕਿਉਂ ਡਰਦੀ ਹੈ?
ਗੁਰਸ਼ਿੰਗਾਰ ਢਿੱਲੋਂ