ਐ ਕੁੜ੍ਹੀਏ, ਨੀ ਚਿੜ੍ਹੀਏ
ਪਤਾ ਨਹੀਂ ਤੂੰ ਕਦ ਹੋਵੇਂਗੀ ਆਜ਼ਾਦ
ਖੌਰੇ ਕਦ ਉੱਡੇਂਗੀ ਆਪਣੀ ਮਰਜ਼ੀ ਨਾਲ਼ ....?
ਕਦੋਂ ਤੱਕ ਡਰੇਂਗੀ
ਤੁੰ ਸਮਾਜ ਦੇ ਇਸ ਲਾਂਬੂ ਤੋਂ....?
ਇਸ ਅੱਗ ਨੇ ਤਾਂ
ਰਾਂਣੀ ਜਿੰਦਾਂ ਵਰਗੇ ਸਾੜ੍ਹ ਦਿੱਤੇ
ਤੂੰ ਕਿਉਂ ਇਸ ਤੋਂ ਬਚਦੀ ਫ਼ਿਰਦੀ ਹੈ....?
ਤੂੰ ਸਿੱਖ ਲੈ ਮਾਈ ਭਾਗੋ ਤੋਂ
ਕਿਵੇ ਆਕਾਰ ਦੇਣਾ ਹੈ ਇਸ ਅੱਗ ਨੂੰ
ਦੱਸੇਗੀ ਮਾਤਾ ਗੁਜਰੀ ਤੈਨੂੰ
ਜ਼ਿੰਦਗੀ ਜਿਉਣ ਦੀ ਕਲਾ...
ਫ਼ੇਰ ਭਾਵੇਂ ਇਸ ਸੇਕ ਨੂੰ
ਮੱਠਾ ਕਰ ਲਈ ਆਪਣੀ ਮਰਜ਼ੀ ਨਾਲ਼....
ਐ ਕੁੜ੍ਹੀਏ, ਨੀ ਚਿੜ੍ਹੀਏ
ਖੌਰੇ ਕਦ ਉੱਡੇਂਗੀ ਤੂੰ ਆਜ਼ਾਦੀ ਨਾਲ਼ ....?
ਜੇ ਤੂੰ ਇੱਕ ਲੰਮੀ ਉਡਾਰੀ ਲੋਚਦੀ ਹੈ
ਤਾਂ ਬਦਲਨਾ ਪਵੇਗਾ
ਇਸ ਰੂੜ੍ਹੀਵਾਦੀ ਸੋਚ ਨੂੰ....
’ਲੋਕ ਕੀ ਕਹਿਣਗੇ’ ਨਾਮ ਦੇ ਇਸ
ਥੰਮ ਨੂੰ ਤੋੜ੍ਹਨ ਨਾਲ਼ ਹੀ
ਆਪਣੇ ਚਾਅ ਪੂਰ ਸਕਦੀ ਹੈ ਬੇਤਾਬੀ ਨਾਲ਼....
ਨੀ ਭੈਣੇ ਕਦੋਂ ਤੱਕ..?
ਕਦ ਤੱਕ ਬਣੀ ਰਹੇਂਗੀ ਤਰਸ ਦਾ ਪਾਤਰ
ਤੈਨੂੰ ਖੁਦ ਨੂੰ ਬਦਲਨਾ ਪਵੇਗਾ...
ਮਰਦ ਨੂੰ ਬਦਲਨਾ ਪਵੇਗਾ
ਇਹ ਨਾਂ ਭੁੱਲੀ
ਤੂੰ ਜੜ੍ਹ ਹੈ
ਇਸ ਦੂਨੀਆਂ ਦੇ ਪੌਦੇ ਦੀ...
ਤੇ ਜਦੋਂ ਜੜ੍ਹ ਕਮਜ਼ੋਰ ਪੈਣ ਲੱਗ ਜਾਏ
ਤਾਂ ਪੌਦਾ ਡਿੱਗਦਿਆਂ ਦੇਰ ਨਹੀਂ ਲੱਗਦੀ...
ਤੂੰ ਹੀ ਸਿੰਝ ਸਕਦੀ ਹੈ ਇਸ ਨੂੰ
ਪਿਆਰ ਦੀ ਵਰਖਾ ਨਾਲ਼....
ਚੱਲ ਉੱਠ
ਤੇ ਆਪਣਾ ਵਜੂਦ ਸੰਭਾਲ
ਤੂੰ ਕਦਮ ਤਾਂ ਪੁੱਟ
ਖਾਲਸਾ ਕਰੇਗਾ ਰੱਖਿਆ
ਤੇ ਤੁਰਿਆ ਜਾਵੇਗਾ ਤੇਰੀ ਸੁਚੱਜੀ ਰੀਝ ਨਾਲ਼...
ਨੀ ਧੀਏ,
ਜੇ ਤੂੰ ਨਿਢਾਲ ਬਹਿ ਗਈ
ਤਾਂ ਮਰ ਜਾਣੇ ਸਭੇ ਚਾਅ ਬਾਬੁਲ
ਕੋਣ ਗਾਏਗਾ ਸ਼ਿਵ ਦਾ ਗੀਤ
’ਬਾਬਲ ਜੀ, ਅਸਾਂ ਮਰੂਆ ਗੋਡਣ ਜਾਣਾ’
ਐ ਕੁੜ੍ਹੀਏ, ਨੀ ਚਿੜ੍ਹੀਏ
ਜੇ ਹੁਣ ਵੀ ਨਾ ਉੱਠੀ
ਫ਼ੇਰ ਪਤਾ ਨਹੀਂ ਤੂੰ ਕਦ ਹੋਵੇਂਗੀ ਆਜ਼ਾਦ
ਖੌਰੇ ਉੱਡ ਵੀ ਸਕੇਂਗੀ ਆਪਣੀ ਮਰਜ਼ੀ ਨਾਲ਼ ....?
ਗੁਰੀ ਲੁਧਿਆਂਨਵੀ