ਇਹ ਕਵਿਤਾ ਮੈਂ, ਖਾਸ ਕਰਕੇ ਉਨ੍ਹਾਂ ਲਈ ਪੋਸਟ ਕਰ ਰਹੀ ਹਾਂ, ਜਿਹਨਾ ਨੂੰ ਇਸ਼ਕ ਦੇ ਰੋਣਿਆਂ ਤੇ ਜੱਟਾਂ ਦੇ ਲੈਸਬੰਦ ਵੈਰਾਂ ਦੀਆਂ " ਵਾਰਾਂ " ਤੋਂ ਸਿਵਾ ਹੋਰ ਕੁਝ ਸੁਝਦਾ ਹੀ ਨਹੀਂ । ਸ਼ਾਇਦ ਤੁਹਾਨੂੰ ਵੀ ਇਹ ਕੁਝ ਹੋਰ ਸੋਚਣ ਲਾ ਦੇਵੇ ??? SMUNDRA
ਪੇਸ਼ ਹੈ ਮਾਂਗਨੂੰ ਦੀ ਕਵਿਤਾ :
ਉੱਠ ਕੁੜੀਏ ਮੇਰੇ ਦੇਸ਼ ਦੀਏ
ਤੂੰ ਆਪਣਾ ਮੂਲ ਪਛਾਣ ਕੁੜੇ..
ਚੱਲ ਤਵਾਰੀਖ਼ ਨੂੰ ਫੋਲ ਜ਼ਰਾ
ਤੂੰ ਸ਼ੀਹਣੀਆਂ ਦੀ ਸੰਤਾਨ ਕੁੜੇ..
ਤੈਨੂੰ ਚੰਡੀ ਬਣਨਾ ਪੈਣਾ ਹੈ
ਕਿ ਕੁੱਖ ਨਾ ਬਣੇ ਮਸਾਣ ਕੁੜੇ..
ਕਿ ਕੁੱਖ ਨਾ ਬਣੇ ਮਸਾਣ ਕੁੜੇ..
ਉੱਠ ਕੁੜੀਏ ਮੇਰੇ ਦੇਸ਼ ਦੀਏ...
ਸੈਅ ਲੱਖਾਂ ਕੋਮਲ ਕਲੀਆਂ ਕਿਓਂ
ਹਾਏ ਦੁੱਖ ਦੇ ਟੋਟੇ ਚੁੱਗਦੀਆਂ ਨੇ..
ਜਬ ਆਬ ਕਿ ਅਉਧ ਨਿਧਾਨ ਬਣੇ
ਤਾਂ ਚੁੱਕ ਲਈਏ ਕਿਰਪਾਨ ਕੁੜੇ..
ਉੱਠ ਕੁੜੀਏ ਮੇਰੇ ਦੇਸ਼ ਦੀਏ....
ਤੂੰ ਮੱਥਿਓਂ ਤਰਕ ਜਗਾ ਅੜੀਏ..
ਅੱਜ ਤਾਕਤ ਨੂੰ ਗਰਮਾ ਅੜੀਏ..
ਕਿ ਦਾਜ ਨੂੰ ਦੰਦਲ ਪੈ ਜਾਵੇ
ਚੱਲ ਐਸੀਆਂ ਪਿਰਤਾਂ ਪਾ ਅੜੀਏ..
ਤੇਰੇ ਪਿੰਡੇ 'ਤੇ ਮੰਡਰਾਉਂਦੀਆਂ ਜੋ
ਨਜ਼ਰਾਂ ਦੀ ਕੱਢ ਲੈ ਜਾਨ ਕੁੜੇ..
ਤੈਨੂੰ ਚੰਡੀ ਬਣਨਾ ਪੈਣਾ ਹੈ
ਕਿ ਕੁੱਖ ਨਾ ਬਣੇ ਮਸਾਣ ਕੁੜੇ..
ਉੱਠ ਕੁੜੀਏ ਮੇਰੇ ਦੇਸ਼ ਦੀਏ...
ਤੂੰ ਫੁੱਲਾਂ ਦੀ ਮਹਿਕਾਰ ਕੁੜੇ ,
ਤੂੰ ਖੰਡੇ ਦੀ ਖੜਕਾਰ ਕੁੜੇ ,
ਤੂੰ ਮਰਹਮ ਮਦਰ ਟੈਰੇਸਾ ਦੀ,
ਚੰਡੀ ਦੀ ਮਾਰੋ-ਮਾਰ ਕੁੜੇ ,
ਤੂੰ ਭਾਗੋ ਹੈਂ , ਤੂੰ ਭਾਨੀ ਹੈਂ ,
ਤੂੰ ਜਬਰਾਂ ਲਈ ਕੁਰਬਾਨੀ ਹੈਂ ,
ਤੂੰ ਹੱਸ ਹੱਸ ਟੱਬਰ ਵਾਰੇ ਨੇ,
ਮਾਂ ਗੁਜ਼ਰੀ ਜਿੱਡੀ ਦਾਨੀ ਹੈਂ..
ਮਾਂ ਗੁਜ਼ਰੀ ਜਿੱਡੀ ਦਾਨੀ ਹੈਂ...
ਤੂੰ ਖ਼ਾਬ ਗੁਲਾਬੀ ਵੇਖ ਕੁੜੇ..
ਖੁਦ ਲਿਖ ਤੂੰ ਆਪਣੇ ਲੇਖ ਕੁੜੇ..
ਤੂੰ ਦੁੱਧਾਂ-ਮੱਤੀ ਛਾਤੀ ਵਿੱਚ
ਭਰ ਮੋਹ ਮਮਤਾ ਦਾ ਸੇਕ ਕੁੜੇ..
ਚੜ੍ਹ ਟੈਂਕੀ ਅੱਗ ਲਗਾਈਂ ਨਾ
ਨਾ ਕਰੀਂ ਖ਼ੁਦੀ ਦਾ ਘਾਣ ਕੁੜੇ..
ਤੈਨੂੰ ਚੰਡੀ ਬਣਨਾ ਪੈਣਾ ਹੈ
ਕਿ ਕੁੱਖ ਨਾ ਬਣੇ ਮਸਾਣ ਕੁੜੇ..
ਉੱਠ ਕੁੜੀਏ ਮੇਰੇ ਦੇਸ਼ ਦੀਏ..
ਤੂੰ ਕਦੇ 'ਕਲਪਨਾ' ਬਣ ਬਣ ਕੇ
ਮੁੱਠੀ ਵਿੱਚ ਤਾਰੇ ਫੜਦੀ ਹੈਂ ,
ਤੂੰ 'ਨਾਗਮਣੀ' ਦਾ ਨੂਰ ਕੁੜੇ
ਤੂੰ ਹਰਫ਼ ਲਿਸ਼ਕਵੇਂ ਘੜਦੀ ਹੈਂ ,
ਤੂੰ ਵਾਰਿਸ ਦਾ ਵਿਸਥਾਰ ਕੁੜੇ,
ਤੂੰ ਪੀਲੂ ਦਾ ਸੰਖੇਪ ਕੁੜੇ..
ਪ੍ਰਕਾਸ਼,ਸੁਰਿੰਦਰ ਕੌਰ ਬਣੀ
ਤੂੰ ਬੀਬਾ ਜੀ ਦੀ ਹੇਕ ਕੁੜੇ..
ਤੂੰ ਪੱਤ ਫੁਟਾਰਾ ਫੱਗਣ ਦਾ
ਤੂੰ ਕੋਸੀ ਕੋਸੀ ਧੁੱਪ ਕੁੜੇ..
ਵਿੱਚ ਸੋਹਜ-ਸੁਹੱਪਣ ਗੁੰਦ ਲਿਆ
ਤੇਰੀ ਲੰਮ ਸਲੰਮੀ ਗੁੱਤ ਕੁੜੇ..
ਤੇਰੀ ਲੰਮ ਸਲੰਮੀ ਗੁੱਤ ਕੁੜੇ..
ਤੂੰ ਜ਼ੁਲਮ ਦੇ ਉੱਤੇ ਵਰ੍ਹਿਆ ਕਰ..
ਚਾਨਣ ਦੀਆਂ ਗੱਲਾਂ ਕਰਿਆ ਕਰ..
ਨਾ ਕੋਸ ਤੂੰ ਕਵੀਆ ਔਰਤ ਨੂੰ
ਹਰਫ਼ਾਂ ਵਿੱਚ ਹਿੰਮਤ ਭਰਿਆ ਕਰ..
ਲੂਣਾ ਨੂੰ ਤਖ਼ਤ ਬਿਠਾ ਗਿਆ ਸੀ
ਜਿਓਂ ਬਿਰਹਾ ਦਾ ਸੁਲਤਾਨ ਕੁੜੇ..
ਤੈਨੂੰ ਚੰਡੀ ਬਣਨਾ ਪੈਣਾ ਹੈ
ਕਿ ਕੁੱਖ ਨਾ ਬਣੇ ਮਸਾਣ ਕੁੜੇ..
ਉੱਠ ਕੁੜੀਏ ਮੇਰੇ ਦੇਸ਼ ਦੀਏ..
ਕੁੜੀਆਂ ਨਾ ਰਹੀਆਂ ਚਿੜੀਆਂ ਨੇ..
ਇਹ ਸੰਗ ਸ਼ਿਕਰਿਆਂ ਭਿੜੀਆਂ ਨੇ..
ਹੁਣ ਫੌਜੀ ਵਰਦੀ ਪਾ ਲਈ ਹੈ
ਕਿ ਸਿਦਕ-ਚਰਖੀਆਂ ਗਿੜ੍ਹੀਆਂ ਨੇ..
ਤੈਨੂੰ ਪਿਆ ਉਡੀਕੇ ਅੰਬਰ ਨੀਂ
ਚੱਲ ਭਰ ਲੈ ਇੱਕ ਉੜਾਨ ਕੁੜੇ..
ਤੈਨੂੰ ਚੰਡੀ ਬਣਨਾ ਪੈਣਾ ਹੈ
ਕਿ ਕੁੱਖ ਨਾ ਬਣੇ ਮਸਾਣ ਕੁੜੇ..
ਤੂੰ ਅੱਧਾ ਟੋਟਾ ਬ੍ਰਹਿਮੰਡ ਦਾ
ਤੁਧ ਬਾਝੋਂ ਸਭ ਕੁਝ ਊਣਾ ਹੈ..
ਕਿਓ ਸਦੀਆਂ ਤੋਂ,ਕਿਓਂ ਅਜ਼ਲਾਂ ਤੋਂ
ਅੱਖਾਂ ਵਿੱਚ ਹੰਝੂ ਲੂਣਾ ਹੈ..
ਅੱਜ ਇਸੇ ਖਾਰੇ ਹੰਝੂ 'ਚੋਂ
ਕੋਈ ਚਿਣਗ ਬਸੰਤੀ ਭਾਲ ਕੁੜੇ,
ਤੇ ਘੁੰਡ ਵਿੱਚ ਕੱਜੀਆਂ ਰੀਤਾਂ ਦੀ
ਅੱਜ ਸੂਹੀ ਧੂਣੀ ਬਾਲ ਕੁੜੇ ,
ਅੱਜ ਨੂਰੀ ਕਰਦੇ ਰਾਵਾਂ ਨੂੰ..
ਭੈਅ ਮੁਕਤ ਕਰੀਂ ਸਭ ਮਾਵਾਂ ਨੂੰ..
ਅੱਜ ਕੁੜੀਆਂ ਮੇਰੇ ਦੇਸ ਦੀਆਂ
ਏਕੇ ਦੀਆਂ ਵੰਗਾਂ ਪਾਉਣਗੀਆਂ,
ਫਿਰ ਸੂਰਜ ਵਰਗੀਆਂ ਕੁੱਖਾਂ 'ਚੋਂ
ਧੁੱਪ ਰੰਗੀਆਂ ਧੀਆਂ ਆਉਣਗੀਆਂ..
ਕੁੱਲ ਆਲਮ ਨੂੰ ਰੁਸ਼ਨਾਉਣਗੀਆਂ..
ਕੁੱਲ ਆਲਮ ਨੂੰ ਰੁਸ਼ਨਾਉਣਗੀਆਂ..
ਇੱਕੀਆਂ ਨੂੰ 'ਕੱਤੀਆਂ ਪਾਉਣੀਆਂ ਨੇ
ਆ ਕਰੀਏ ਅੱਜ ਐਲਾਨ ਕੁੜੇ..
ਤੈਨੂੰ ਚੰਡੀ ਬਣਨਾ ਪੈਣਾ ਹੈ
ਕਿ ਕੁੱਖ ਨਾ ਬਣੇ ਮਸਾਣ ਕੁੜੇ..
ਉੱਠ ਕੁੜੀਏ ਮੇਰੇ ਦੇਸ਼ ਦੀਏ....
Harman Jeet = MangnooN