ਨਹੀਂ ਜੀ ਸੱਕਦਾ ਮੈਂ ,
ਕਵਿਤਾ ਤੋਂ ਬਿਨਾਂ ,
ਇਹੀ ਹੈ ,
ਮੇਰਾ ਪਹਿਲਾ ਪਿਆਰ ,
ਮਨ 'ਚ ਉਭਰਦੇ ਖਿਆਲ ,
ਕਿਸੇ ਮੁਟਿਆਰ ਦੇ ,
ਢਿੱਲੇ ਲਮਕਦੇ ਜੂੜੇ ਵਾਂਗ,
ਜ਼ਿਹਨ 'ਚ ਸਮੋਏ ਰਹਿੰਦੇ ,
ਆਪਣੇ ਆਪ ਹੀ ,
ਸੀਜਨਡ ਹੋ ਪਾਉਂਦੇ ,
ਇਸ ਦਾ ਰੰਗ ਰੂਪ ,
ਹੁੰਦਾ ਕੁਦਰਤੀ ਸੁਭਾਵਕ,
ਕਿਸੇ ਪਰੇਮਿਕਾ ਦੀ ,
ਵਲ ਖਾਂਦੀ ਚਾਲ ,
ਨਦੀ ਦੀ ਤੋਰ ਵਰਗਾ ,
ਕਦੀ ਜ਼ੋਰਦਾਰ ਕਦੀ ਭਾਵੁਕ ,
ਸੁਭਾਅ ਦੇ ,
ਸਹਿਜ ਪਰਗਟਾਅ ਵਾਂਗੂੰ ,
ਸ਼ਬਦਾਂ ਦੀਆਂ ,
ਮਿੱਠੀਆਂ ਮਿੱਠੀਆਂ ਆਵਾਜ਼ਾਂ ,
ਪਿਆਰੀ ਦੇ ,
ਕੰਨਾਂ 'ਚ ਪਏ ,
ਲੰਮੇ ਝੁਮਕਿਆਂ ਵਾਂਗ ,
ਆਨੰਦਿਤ ਤਾਲ ,ਲੈਅ ,
ਕਰਦੀਆਂ ,
ਪੈਦਾ ਮੱਧਮ ਸੰਗੀਤ ,
ਆਪਣੀ ਮਰਯਾਦਾ 'ਚ ਰਹਿ ,
ਸਭ ਕਹਿਣ ਵਾਲੀ ,
ਮੇਰੀ ਜਾਨ ,
ਇਹ ਮੇਰੀ ਕਵਿਤਾ ,
ਵਧੇਰੀ ਸਮਝ ਵਾਲੀ ,
ਮੂੰਹ ਤੇ ਗੱਲ ਕਹਿਣ ਵਾਲੀ ,
ਕਈ ਰੂਪ ਤੈਅ ਕਰਦੀ ,
ਅਨੇਕਾਂ ਦਰਸ਼ਨਾਂ 'ਚ ,
ਪਰਗਟ ਹੋਣ ਵਾਲੀ ,
ਇਹ ਮੇਰੀ ਪਰੇਮਿਕਾ ,ਕਵਿਤਾ ,
ਖੰਡ ਮਿਰਚੀ ਦੇ ਸੁਭਾਓ ਵਾਲੀ ,
ਕਦੀ ਬਣਦੀ ਨਾਇਕਾ ,
ਕਦੇ ਬਣਦੀ ਪਰ੍ਤੀਨਾਇਕਾ ,
ਬਣ ਜਾਂਦੀ ਤੇਜੱਸਵੀ ,
ਫੁਰਤੀਲੀ ਦਕਸ਼ ਕਦੇ ,
ਜਾਪੇ ਆਪਣੀ ਹੀ ਤੀਵੀਂ ਕਦੇ ,
ਦੂਸਰੇ ਦੀ ਤੀਵੀਂ ਕਦੇ ,
ਸਭ ਦੀ ਤੀਵੀਂ ਕਦੇ ,
ਸਭੇ ਗੁਣਾਂ ਵਾਲੀ ਸ਼ਰਮਾਕਲ ,
ਆਪਣੀ ਹੀ ਜਵਾਨੀਂ ਨਾਲ ,
ਭਰਪੂਰ ਹਮੇਸ਼ਾਂ ਮੁਗਦਾ ,
ਵੇਖਦਿਆਂ ਹੀ ,
ਅੱਖਾਂ ਨੀਵੀਆਂ ਕਰਨ ਵਾਲੀ ,
ਝੱਟ ਮੂਰਛਿਤ ਹੋ ਉੱਠਦੀ ,
ਇਸੇ ਬਿਰਤੀ ਚ ਰਹਿਵੇ ,
ਕਿ ਸੰਵਰੇ ਉਹਦਾ ਰੂਪ ,
ਇਹਦੇ ਦਰਸ਼ਨ ਬਿਨਾਂ ,
ਨਹੀਂ ਲੱਗਦੀ ਭੁੱਖ ,
ਨਹੀਂ ਆਉਂਦਾ ਆਰਾਮ ,
ਨਹੀਂ ਮਿਲਦੀ ਸ਼ਾਂਤੀ ,
ਐ ਮੇਰੀ ਪਿਆਰੀ ,
ਆਉਂਦੇ ਰਹਿਣਾ ,
ਮੇਰੇ ਖਿਆਲਾਂ 'ਚ ,
ਹਰ ਰੋਜ਼ ਬਣ ਕਵਿਤਾ i
ਜੋਧ ਸਿੰਘ
|