|
ਲਾਡਲਾ |
ਛੇ ਮਾਂਹ ਗੁਜ਼ਰੇ ਜਾਗਰ ਵੇਖਦੇ ਨੂੰ ਕੇਹੀ ਲੀਲਾ ਰਚਾਈ ਹੈ ਲਾਡਲੇ ਨੇ। ਗੱਲ ਚੱਕਮੀਂ ਡੱਕਾ ਨਾ ਕਰੇ ਦੂਹਰਾ ਅੱਤ ਕਿਸ ਤਰ੍ਹਾਂ ਚਾਈ ਹੈ ਲਾਡਲੇ ਨੇ। ਖੇਤ ਜਾਏ ਨਾ, ਕੁਤਰੇ ਨਾ ਕਦੇ ਪੱਠੇ, ਕੀਤੀ ਚੰਗੀ ਪੜ੍ਹਾਈ ਹੈ ਲਾਡਲੇ ਨੇ। ਚੜ੍ਹਦੇ ਜਾਂਵਦਾ ਲਹਿੰਦੇ ਬਤਾਂਵਦਾ ਈ, ਕੀਤੀ ਕਿੰਨੀ ਚਤਰਾਈ ਹੈ ਲਾਡਲੇ ਨੇ। ਪੈਸੇ ਵਾਂਗ ਬਰਸੀਮ ਦੇ ਮੁੱਛ ਜਾਂਦਾ, ਥੱਲੇ ਲਾਈ ਕਮਾਈ ਹੈ ਲਾਡਲੇ ਨੇ। ਪੱਤੇ ਮਾਰ ਕੇ ਭੋਟਦਾ ਨੋਟ ਇਉਂ ਕਰ, ਹੱਥ ਸਰ੍ਹੋਂ ਜਮਾਈ ਹੈ ਲਾਡਲੇ ਨੇ। ਬੰਨ੍ਹ ਪੋਚਵੀਂ ਪਿੰਡ ਵਿਚ ਦਏ ਗੇੜੇ ਪੱਤ ਦਾਓ ’ਤੇ ਲਾਈ ਹੈ ਲਾਡਲੇ ਨੇ। ਰਾਤੀਂ ਬੈਠ ‘ਦਰਖਾਸਤਾਂ’ ਰਿਹਾ ਭਰਦਾ, ਰੱਖੀ ਬੱਤੀ ਜਗਾਈ ਹੈ ਲਾਡਲੇ ਨੇ। ਕੁੜੀ ਤੇਲੀਆਂ ਦੀ ਸੁਬਾਹ ਘੇਰ ਵੀਹੀ, ਐਪਰ ਚਿੱਠੀ ਫੜਾਈ ਹੈ ਲਾਡਲੇ ਨੇ। ਭੱਲੇ ਬਾਹਮਣ ਨੇ ਗਿੱਚੀਓਂ ਆਣ ਫੜਿਆ, ਚੰਗੀ ਖੁੰਬ ਠਪਵਾਈ ਹੈ ਲਾਡਲੇ ਨੇ। ਪਰ੍ਹਿਆਂ ਚੌਕਿਆਂ ਚੱਲੀਆਂ ਹਨ ਗੱਲਾਂ, ਸੋਹਣੀ ਟੌਹਰ ਬਣਾਈ ਹੈ ਲਾਡਲੇ ਨੇ। ਰਤਨੋ ਗਈ ਸਰਪੰਚ ਦੇ ਕੋਲ ਭੱਜੀ, ਘਰੜ ਨੱਕ ਵਢਾਈ ਹੈ ਲਾਡਲੇ ਨੇ। ਰਹੀ ਪੂਰਦੀ ਪੱਖ ਜੋ ਪਿਓ ਕੋਲੇ, ਮਾਓਂ ਚੰਗੀ ਫਸਾਈ ਹੈ ਲਾਡਲੇ ਨੇ। ਝਈਆਂ ਲੈ ਲੈ ਜੈਕੁਰ ਨੂੰ ਪਏ ਜਾਗਰ, ਵੇਖੀਂ? ਗਿੱਲ ਗੁਆਈ ਹੈ ਲਾਡਲੇ ਨੇ। ਸਿਰੇ ਚਾੜ੍ਹ ਪਤੰਦਰ ਨੂੰ ਖੱਟਿਆ ਕੀ, ਸਾਡੀ ਢੂਈ ਲੁਆਈ ਹੈ ਲਾਡਲੇ ਨੇ। ਨਾਲੇ ਆਪ ਡੁੱਬਾ ਨਾਲੇ ਅਸੀਂ ਡੋਬੇ, ਪੱਟੀ ਮੇਸ ਕਰਾਈ ਹੈ ਲਾਡਲੇ ਨੇ। ਮਰਿਆ ਮੇਰੇ ਵੱਲੋਂ ਮੇਰੇ ਮੂੰਹੋਂ ਲੱਥਾ, ਚੰਗੀ ਪੱਗ ਬੰਨ੍ਹਾਈ ਹੈ ਲਾਡਲੇ ਨੇ। ਚਰਨਾ ਕੌਰੇ ਕਾ ਹੋ ਗਿਆ ਫੌਜ ਭਰਤੀ, ਇਧਰ ਜਾਨ ਤੜਫਾਈ ਹੈ ਲਾਡਲੇ ਨੇ। ਕੱਢੂੰ ਕਿੱਲਾ ਮੈਂ ਏਸ ਦੀ ਧੌਣ ਵਿਚੋਂ ਵੇਖ ਕਿਵੇਂ ਅਕੜਾਈ ਹੈ ਲਾਡਲੇ ਨੇ। ਹਲ ਲਾ ਲਿਆ ਫਿਰਨਗੇ ਫੇਰ ਗਿੱਟੇ, ਅੱਡੀ ਧਰਤ ਨਾ ਲਾਈ ਹੈ ਲਾਡਲੇ ਨੇ। ਪੁੱਤ ਬੰਦੇ ਦਾ ਬਣੇ ਕੋਈ ਕਾਰ ਲੱਗੇ, ਬੜੀ ਐਸ਼ ਫੁਰਮਾਈ ਹੈ ਲਾਡਲੇ ਨੇ। ਅੱਗੇ ਵੇਖ ਕਿੰਜ ਭੋਗਦਾ ‘ਸ਼ੇਰ ਸਿੰਘਾ’, ਜਿਹੜੀ ਕਿਸਮਤ ਲਖਾਈ ਹੈ ਲਾਡਲੇ ਨੇ।
ਪ੍ਰੋ. ਸ਼ੇਰ ਸਿੰਘ ਕੰਵਲ - ਸੰਪਰਕ: 1-602-284-2276
|
|
05 Sep 2012
|