ਨਵੰਬਰ ਚੌਰਾਸੀ
ਹੋਈਆਂ ਹਜ਼ਾਰਾਂ ਚੁੰਨੀਆਂ ਦਾਗਦਾਰ
ਨਾ ਮਾਰਿਆ ਹਾਅ ਦਾ ਨਾਅਰਾ ਕਿਸੇ
ਨਾ ਹੋਏ ਕੈਂਡਲ ਮਾਰਚ ।
ਨਾ ਹਿਲਿਆ ਜੰਤਰ -ਮੰਤਰ
ਕਸ਼ਮੀਰ ਜਾਂ ਮਨੀਪੁਰ
ਫੌਜੀ ਬੂਟਾਂ ਜਾਂ ਜਗੀਰਦਾਰਾਂ ਦੀ ਜੁੱਤੀ ਥੱਲੇ
ਜਦ ਗਈਆਂ ਦਰੜੀਆਂ
ਹਜ਼ਾਰਾਂ ਆਦਿਵਾਸੀ ਦਲਿਤ ਚੀਕਾਂ ।
ਅੰਗ ਅੰਗ ਸਮੇਟੇ
ਬਰਿੰਦਾਬਨ ਦੀਆਂ ਦੇਵਦਾਸੀਆਂ ਨੇ
ਵਿਹਲਾ ਹੋ ਨਾ ਗੋਪੀਆਂ ਤੋਂ
ਕਦੀ ਬਹੁੜਿਆ
ਤਨ ਕੱਜਣ
ਰਖਵਾਲਾ ਦਰੋਪਦੀ ਦਾ ਕਾਹਨ ਕ੍ਰਿਸ਼ਨ ਕਦੀ ।
ਸ਼ਰੇਆਮ ਬਜ਼ਾਰਾਂ ਸੀ ਫੈਲੀ ਵਹਿਸ਼ਤ
ਕਿ ਨਜ਼ਰਾਂ ਨਾਲ ਹੀ ਨਾਪ ਛੱਡਿਆ
ਨੰਗੇ ਮਜ਼ਹਬਾਂ ਵਾਲੇ ਵਹਿਸ਼ੀ ਮਰਦਾਂ
ਉਭਰੀਆਂ ਛਾਤੀਆਂ
'ਤੇ ਹਰ ਅੰਗ ਦਾ ਵਿਆਸ ।
ਪੁਲਸੀਆ ਰਿਪੋਟਾਂ ਦੇ ਹਰ ਅੱਖਰ
ਇੱਕ ਵਾਰ ਨਹੀਂ
ਵਾਰ ਵਾਰ ਖਿਲਰੇ
ਲਹੂ ਭਿੱਜੇ ਖੰਭ
ਕੋਮਲ ਕਰੁੰਬਲਾਂ ਦੇ ।
ਵਕੀਲਾਂ ਦੀਆਂ ਦਲੀਲਾਂ
ਤੇ ਕਾਤਰਾਂ ਅਖਬਾਰਾਂ ਦੀਆਂ
ਨੇ ਮਜ਼ਾ ਲੈ ਕੁਰੇਦੇ
ਜਖਮ ਅੱਲੇ ਜੋ ਅਜੇ ਹੈਵਾਨੀਅਤ ਦੇ ।
ਦੇਵੀ ਮੰਦਰਾਂ ਦੀ
ਰੇਸ਼ਮੀ ਲੀੜਿਆਂ 'ਚ ਲਿਪਟੀ
ਖੜੀ ਅਡੋਲ ਤੱਕੇ
ਅਸ਼ੋਕ ਸਤੰਭ ਦੇ ਚਾਰ ਸ਼ੇਰਾਂ ਹੱਥੋਂ
ਭਰੀ ਅਦਾਲਤ ਨਿਰਵਸਤਰ ਹੋਈ
ਨਿਆਂ ਤੋਲਦੀ ਜਦ'ਕਾਨੂੰਨ ਦੀ ਅੰਨ੍ਹੀ ਬੇਟੀ' ।
--------------------------------------------------------------------------DevInder 30.12.12