ਕੰਧਾਂ ਨਾਲ ਗੁਫ਼ਤਗੂ ਕਰਦੇ ਨੇ ਮੇਰੇ ਸਮੇਂ ਦੇ ਲੋਕ
ਬਸ ਅੰਦਰੇ-ਅੰਦਰ ਮਰਦੇ ਨੇ ਮੇਰੇ ਸਮੇਂ ਦੇ ਲੋਕ।
ਮੁੰਡਿਆਂ ਦਾ ਕੀ ਹੈ! ਇਹ ਆਉਂਦੇ-ਜਾਂਦੇ ਰਹਿਣਗੇ
ਕੁੜੀਆਂ ਦਾ ਜ਼ਿਕਰ ਕਰਦੇ ਨੇ ਮੇਰੇ ਸਮੇਂ ਦੇ ਲੋਕ।
ਸਾਗਰ ਨੂੰ ਡੋਬਣ ਦੀ ਛੱਡਦੇ ਨਾ ਬਾਕੀ ਕਸਰ ਕੋਈ
ਚਿੱਕੜ ’ਚੋਂ ਮੱਛੀਆਂ ਫੜਦੇ ਨੇ ਮੇਰੇ ਸਮੇਂ ਦੇ ਲੋਕ।
ਚਿੰਤਨ ਤੋਂ ਰਹਿੰਦੇ ਡਰਦੇ ਮੌਤ ਦੀ ਪਰਛਾਈ ਵਾਂਗ
ਚੜ੍ਹਾਵੇ ਵਾਂਗ ਤੀਰਥੀਂ ਚੜ੍ਹਦੇ ਨੇ ਮੇਰੇ ਸਮੇਂ ਦੇ ਲੋਕ।
ਸੌਂ ਸਕਦੇ ਨੇ ਰਾਤ ਭਰ ਚੰਨ ਨਾਲ, ਖ਼ੰਜਰ ਨਾਲ ਵੀ
ਪਰ ਦਿਹੁੰ ਤੋਂ ਬਹੁਤਾ ਡਰਦੇ ਨੇ ਮੇਰੇ ਸਮੇਂ ਦੇ ਲੋਕ।
ਆਪਣੇ ਘਰ ਦੇ ਵਿੱਚ ਲਾ ਕੇ ਆਪਣੀ ਹੀ ਤਸਵੀਰ
ਆਪਣੀ ਹੋਂਦ ਖਾਤਰ ਲੜਦੇ ਨੇ ਮੇਰੇ ਸਮੇਂ ਦੇ ਲੋਕ।
ਹਰਵਿੰਦਰ ਢਿੱਲੋਂ * ਮੋਬਾਈਲ:98551-28333