ਮੱਤਾਂ ਦਾ ਬਸ ਲੂਣ ਹੈ ਲਾਇਆ
ਤੈਨੂੰ ਵੀ ਕੁੱਝ ਸਮਝ ਨਾ ਆਇਆ
ਧਰਮੀ ਬਾਬਲ ਪਾਪ ਕਮਾਇਆ
ਲੜ ਲਾਇਆ ਮੇਰੇ ਫੁੱਲ ਕੁਮਲਾਇਆ
ਜਿਸ ਦਾ ਇੱਛਰਾਂ ਰੂਪ ਹੰਢਾਇਆ
ਮੈਂ ਪੂਰਨ ਦੀ ਮਾਂ
ਪੂਰਨ ਦੇ ਹਾਣ ਦੀ !
ਮੈਂ ਉਸ ਤੋਂ ਇਕ ਚੁੰਮਣ ਵੱਡੀ
ਪਰ ਮੈਂ ਕੀਕਣ ਮਾਂ ਉਹਦੀ ਲੱਗੀ
ਉਹ ਮੇਰੀ ਗਰਭ-ਜੂਨ ਨਾ ਆਇਆ
ਸਈਏ ਨੀ ਮੈਂ ਧੀ ਵਰਗੀ
ਸਲਵਾਨ ਦੀ ।
ਪਿਤਾ ਜੇ ਧੀ ਦਾ ਰੂਪ ਹੰਢਾਵੇ
ਤਾਂ ਲੋਕਾਂ ਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚ੍ਰਿਤਰਹੀਣ ਕਹੇ ਕਿਉਂ
ਜੀਭ ਜਹਾਨ ਦੀ ।
ਚ੍ਰਿਤਰਹੀਣ ਤੇ ਤਾਂ ਕੋਈ ਆਖੇ
ਜੇਕਰ ਲੂਣਾ ਵੇਚੇ ਹਾਸੇ
ਪਰ ਜੇ ਹਾਣ ਨਾ ਲੱਭਣ ਮਾਪੇ
ਹਾਣ ਲੱਭਣ ਵਿਚ ਗੱਲ ਕੀਹ ਹੈ
ਅਪਮਾਨ ਦੀ ?
ਲੂਣਾ ਹੋਵੇ ਤਾਂ ਅਪਰਾਧਣ
ਜੇਕਰ ਅੰਦਰੋਂ ਹੋਏ ਸੁਹਾਗਣ
ਮਹਿਕ ਉਹਦੀ ਜੇ ਹੋਵੇ ਦਾਗਣ
ਮਹਿਕ ਮੇਰੀ ਤਾਂ ਕੰਜਕ
ਮੈਂ ਹੀ ਜਾਣਦੀ ।
ਸਈਏ ਨੀ ਮੈਨੂੰ ਦੇ ਨਾ ਮੱਤਾਂ
ਦਰਦ ਦਿਲੇ ਦਾ ਕੀਕਣ ਦੱਸਾਂ
ਰਿਸ਼ਤਾ ਕਿੰਝ ਪਛਾਨਣ ਅੱਖਾਂ
ਅੱਗ ਮਿਲੀ ਨਾ ਲੂਣਾ ਨੂੰ
ਜੇ ਹਾਣ ਦੀ ।
ਅੱਗ ਦਾ ਰਿਸ਼ਤਾ ਸਾੜਣ ਤੱਕ ਹੈ
ਅੱਗ ਦਾ ਰਿਸ਼ਤਾ ਚਾਨਣ ਤੱਕ ਹੈ
ਅਗਨ-ਮਿਰਗ ਨੂੰ ਮਾਰਣ ਤੱਕ ਹੈ
ਹੋਰ ਜਵਾਨੀ ਰਿਸ਼ਤਾ ਨਾ
ਕੋਈ ਜਾਣਦੀ ।
ਸਈਏ ਜਦ ਮੇਰੀ ਕੰਚਨ-ਦੇਹੀ
ਸੇਜ ਸੁਲਗਦੀ ਛੋਹ ਆਉਂਦੀ ਹੈ
ਆਪੇ 'ਚੋਂ ਮੈਨੂੰ ਬੋ ਆਉਂਦੀ ਹੈ
ਉਸ ਛਿਣ ਦੀ ਬੇ-ਚੈਨੀ
ਤੂੰ ਨਾ ਜਾਣਦੀ ।
ਉਹ ਛਿਣ ਹੁੰਦਾ ਸਵਰਗੋਂ ਵੱਡਾ
ਭਿੰਨੀ ਜਹੀ ਮਹਿਕ ਵਿਚ ਭਿੱਜਾ
ਮਦਰਾ ਦੇ ਸਰਵਰ ਵਿਚ ਡਿੱਗਾ
ਉਹ ਛਿਣ ਸਈਏ ਕੋਈ ਕੋਈ
ਜਿੰਦੜੀ ਮਾਣਦੀ ।
ਮੇਰਾ ਵੀ ਜਦ ਉਹ ਛਿਣ ਆਵੇ
ਲੂਣਾ 'ਚੋਂ ਲੂਣਾ ਮਰ ਜਾਵੇ
ਉਸ ਛਿਣ ਦੀ ਮੈਨੂੰ ਮਹਿਕ ਨਾ ਭਾਵੇ
ਖਾਣ ਪਵੇ ਮੈਨੂੰ ਸੇਜ ਕੁੜੇ
ਸਲਵਾਨ ਦੀ ।
ਉਹ ਛਿਣ ਦੇਹ ਵਿਚ ਜਦ ਬਲਦਾ ਹੈ
ਮੱਥੇ ਦੇ ਵਿਚ ਸੱਪ ਚਲਦਾ ਹੈ
ਸਈਏ ਮੈਨੂੰ ਇਉਂ ਲਗਦਾ ਹੈ
ਗਰਭ ਪੀੜ ਜਹੀ ਪੀੜ
ਜਿਵੇਂ ਹਾਂ ਮਾਣਦੀ
ਪਿੰਡੇ ਦੀ ਮਿੱਟੀ 'ਚੋਂ ਸੁਪਨਾ
ਛਾਣਦੀ ।
ਓਸ ਅਗਨ-ਛਿਣ ਮੈਂ ਰੋਂਦੀ ਹਾਂ
ਓਸ ਅਗਨ-ਛਿਣ ਮੈਂ ਹੱਸਦੀ ਹਾਂ
ਅਗਨ-ਫੁੱਲਾਂ ਦੇ ਜੰਗਲ ਦੇ ਵਿਚ
ਨੰਗੀ-ਅਲਫ਼ ਜਹੀ ਨੱਚਦੀ ਹਾਂ
ਆਪਣੇ ਹੀ ਪਰਛਾਵੇਂ ਕੋਲੋਂ
ਦੂਰ ਦੁਰਾਡੇ ਪਈ ਨੱਸਦੀ ਹਾਂ
ਇਉਂ ਲੱਗਦਾ ਹੈ ਜਿਉਂ ਅੰਨ੍ਹੀ ਹਾਂ
ਫਿਰ ਵੀ ਸਭ ਕੁੱਝ ਪਈ ਤੱਕਦੀ ਹਾਂ
ਗਰਭ-ਵਾਣ ਸੱਪਣੀ ਦੇ ਵਾਕਣ
ਅਪਣਾ ਆਪ ਹੀ ਡੱਸਦੀ ਹਾਂ
ਫਿਰ !
ਹਰ ਦਿਵਸ ਦੇ ਤਿੜਕੇ ਹੋਏ
ਦਰਪਣ ਦੇ ਅੰਦਰ
ਆਪਣੇ ਜ਼ਹਿਰ-ਵਲਿੱਸੇ ਚਿਹਰੇ ਨੂੰ ਤੱਕਦੀ ਹਾਂ
ਹਰ ਚਿਹਰਾ
ਮੇਰੇ 'ਤੇ ਹੱਸਦਾ
ਹਰ ਚਿਹਰੇ 'ਤੇ ਮੈਂ ਹੱਸਦੀ ਹਾਂ
ਆਪਣੇ ਚਿਹਰੇ ਦੀ ਵਲਗਣ ਵਿਚ
ਜਾ ਫਸਦੀ ਹਾਂ
ਆਪਣੇ ਹੀ ਚਿਹਰੇ ਦੀਆਂ ਕੰਧਾਂ
ਮੈਂ ਟੱਪਦੀ ਹਾਂ
ਕੰਧਾਂ ਟੱਪ ਟੱਪ ਮੈਂ ਹਫ਼ਦੀ ਹਾਂ
ਫਿਰ ਤੱਕਦੀ ਹਾਂ
ਕਿ ਇਹ ਕੰਧਾਂ ਕੋਹਾਂ ਤੀਕਣ
ਇੰਜ ਫੈਲੀਆਂ
ਕਿ ਕਿਧਰੇ ਵੀ ਅੰਤ ਨਾ ਹੋਵਣ
ਮੈਂ ਇਨ੍ਹਾਂ ਕੰਧਾਂ 'ਤੇ ਰੋਵਾਂ
ਇਹ ਕੰਧਾਂ ਮੇਰੇ 'ਤੇ ਰੋਵਣ
ਹਰ ਚਿਹਰਾ
ਇਨ੍ਹਾਂ ਕੰਧਾਂ ਉਹਲੇ ਵਿੰਗਾ ਜਾਪੇ
ਲੂਣਾ ਤੋਂ ਲੂਣਾ ਦੇ
ਨਕਸ਼ ਨਾ ਜਾਣ ਪਛਾਤੇ
ਫਿਰ ਇਉਂ ਜਾਪੇ
ਇਹ ਕੰਧਾਂ ਲੂਣਾ 'ਤੇ ਡਿੱਗਣ
ਰਾਤ ਬਰਾਤੇ
ਤੇ ਲੂਣਾ ਦੀ ਹੋਂਦ ਗਵਾਚੇ
ਜਾਂ ਫਿਰ ਲੱਗਦਾ
ਮੈਨੂੰ ਚਾਨਣ ਵਿਚ ਵੀ
ਆਪਣਾ ਆਪ ਨਾ ਲੱਭਦਾ
ਮੇਰਾ ਹੀ ਚਿਹਰਾ ਨਾ ਮੇਰੀ
ਦੇਹ 'ਤੇ ਸੱਜਦਾ
ਮੇਰਾ ਕੋਈ ਵੀ ਨਕਸ਼
ਨਾ ਮੈਨੂੰ ਮੇਰਾ ਲਗਦਾ
ਆਪਣੇ ਚਿਹਰੇ ਦੇ ਨਕਸ਼ਾਂ ਦੀ
ਭੀੜ ਜੁੜੀ 'ਚੋਂ
ਅਪਣਾ ਹੀ ਚਿਹਰਾ ਨਾ ਲੱਭਦਾ
ਸਭ ਕੰਧਾਂ ਦੇ ਹੇਠਾਂ ਦੱਬਦਾ
ਸਈਏ !
ਕੁਝ ਵੀ ਸਮਝ ਨਾ ਆਉਂਦੀ
ਸਈਏ !
ਕੁੱਝ ਵੀ ਪਤਾ ਨਾ ਚਲਦਾ
ਰੁਨਾ-ਮਨ ਬਸ ਦਿਨ ਭਰ ਜਲਦਾ
ਇਕ ਸਦੀਵੀ ਭਟਕਣ ਜਹੀ ਵਿਚ
ਮਰ ਮਰ ਜਿਊਂਦਾ
ਜਿਉਂ ਜਿਉਂ ਮਰਦਾ
ਹਰ ਦਿਹੁੰ ਦਾ ਜਾਂ ਸੂਰਜ ਚੜ੍ਹਦਾ
ਮਨ ਏਦਾਂ ਮਹਿਸੂਸ ਹੈ ਕਰਦਾ
ਕਿਰਨਾਂ ਸੰਗ ਕਿਰਨਾਂ ਬਣ ਉੱਡਦਾ
ਚਾਨਣ ਦੀ ਚਾਲੇ ਹੈ ਚਲਦਾ
ਹਰ ਜ਼ੱਰੇ ਦੇ ਮੂੰਹ ਨੂੰ ਤੱਕਦਾ
ਹਰ ਇਕ ਪੌਣ ਦਾ ਬੁੱਲਾ ਫੜਦਾ
ਕਦੇ ਪਤਾਲੀਂ ਇਹ ਜਾ ਲਹਿੰਦਾ
ਅੰਬਰ ਦੀ ਕਦੇ ਪੌੜੀ ਚੜ੍ਹਦਾ
ਖ਼ੌਰੇ ਝੱਲਾ ਕਿਸ ਨੂੰ ਲੱਭਦਾ
ਖ਼ੌਰੇ ਝੱਲਾ ਕੀ ਹੈ ਕਰਦਾ ?
ਇਕ ਪਲ ਵੀ ਕਿਧਰੇ ਨਾ ਖੜ੍ਹਦਾ
ਜਾਂ ਫਿਰ ਸਈਏ ਈਕਣ ਲਗਦਾ
ਜਿਉਂ ਲੂਣਾ ਨੇ ਹਰ ਇਕ ਦਿਹੁੰ ਦਾ
ਜਨਮ ਜਨਮ ਤੋਂ ਦੇਣਾ ਕਰਜ਼ਾ
ਜੋ ਹਰ ਛਿਣ ਹੈ ਰਹਿੰਦਾ ਸੂੰਦਾ
ਜੋ ਹਰ ਪਲ ਹੈ ਜਾਂਦਾ ਵਧਦਾ
ਦਿਨ ਭਰ ਬਸ ਬੇਚੈਨੀ ਦਿਲ ਨੂੰ
ਖਾਂਦੀ ਰਹਿੰਦੀ
ਜਾਂ ਖ਼ੁਸ਼ਬੋਈ ਦਿਲ ਸੜਦੇ ਦੀ
ਆਉਂਦੀ ਰਹਿੰਦੀ
ਜਾਂ ਖ਼ਾਮੋਸ਼ੀ ਮੂਕ ਬਿਰਹੜਾ
ਗਾਉਂਦੀ ਰਹਿੰਦੀ
ਲੂਣਾ ਹੀ ਲੂਣਾ 'ਤੇ ਹੱਸਦੀ
ਲੂਣਾ ਤੋਂ ਲੂਣਾ ਸ਼ਰਮਾਉਂਦੀ
ਹਰ ਪਲ
ਅਗਨ ਛਿਣਾਂ ਦੀ ਸੱਪਣੀ
ਰੂਹ ਦੀਆਂ ਕੱਲਰੀਆਂ ਵਿਚ ਨੱਸੇ
ਭੈ ਦਾ ਭੂਤ-ਭੂਤਾਣਾ ਨੱਚੇ
ਹਰ ਇਕ ਦਿਹੁੰ ਦਾ ਚਰਖਾ ਡਾਹ ਕੇ
ਲੂਣਾ ਬੈਠੀ ਕਿਰਨਾਂ ਕੱਤੇ
ਫਿਰ ਕਿਰਨਾਂ ਦਾ ਰੱਸਾ ਵੱਟੇ
ਮੁੜ ਲੂਣਾ
ਕਿਰਨਾਂ ਦਾ ਰੱਸਾ
ਉਮਰਾਂ ਦੀ ਛੱਤ ਤੋਂ ਲਟਕਾਏ
ਸੱਤ-ਰੰਗੇ ਰੱਸੇ ਦਾ ਫਾਹਾ
ਲੈ ਕੇ ਲੂਣਾ ਨਿੱਤ ਮਰ ਜਾਏ
ਪਰ ਲੂਣਾਂ ਨੂੰ
ਮੌਤ ਨਾ ਆਏ